BJP ਵਿਧਾਇਕ ਕਾਲੀਦਾਸ ਕੋਲੰਬਕਰ ਮਹਾਰਾਸ਼ਟਰ ਵਿਧਾਨ ਸਭਾ ਦੇ ''ਪ੍ਰੋਟੇਮ ਸਪੀਕਰ'' ਵਜੋਂ ਚੁੱਕਣਗੇ ਸਹੁੰ
Friday, Dec 06, 2024 - 10:20 AM (IST)
ਮੁੰਬਈ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਕਾਲੀਦਾਸ ਕੋਲੰਬਕਰ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ 'ਪ੍ਰੋਟੇਮ ਸਪੀਕਰ' ਵਜੋਂ ਸਹੁੰ ਚੁੱਕਣਗੇ। ਕੋਲੰਬਕਰ ਮਹਾਰਾਸ਼ਟਰ ਵਿਧਾਨ ਸਭਾ ਦੇ ਤਿੰਨ ਦਿਨਾਂ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਸਹੁੰ ਚੁੱਕਣਗੇ। ਨੌਂ ਵਾਰ ਵਿਧਾਇਕ ਰਹਿ ਚੁੱਕੇ ਕੋਲੰਬਕਰ ਨੇ ਗੱਲਬਾਤ ਵਿੱਚ ਪੁਸ਼ਟੀ ਕੀਤੀ ਕਿ ਉਹ ਦੁਪਹਿਰ 1 ਵਜੇ ਰਾਜ ਭਵਨ ਵਿੱਚ ‘ਪ੍ਰੋਟੇਮ ਸਪੀਕਰ’ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੱਸਿਆ ਕਿ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਉਨ੍ਹਾਂ ਨੂੰ ਸਹੁੰ ਚੁਕਾਉਣਗੇ।
'ਪ੍ਰੋਟੇਮ ਸਪੀਕਰ' ਦੇ ਰੂਪ ਵਿਚ ਉਹ 7 ਦਸੰਬਰ ਤੋਂ ਸ਼ੁਰੂ ਹੋ ਰਹੇ 15ਵੀਂ ਵਿਧਾਨ ਸਭਾ ਦੇ ਤਿੰਨ ਦਿਨਾਂ ਵਿਸ਼ੇਸ਼ ਸੈਸ਼ਨ ਦੌਰਾਨ 288 ਨਵੇਂ ਚੁਣੇ ਗਏ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ ਅਤੇ ਸਪੀਕਰ ਦੀ ਚੋਣ ਕਰਵਾਉਣਗੇ। ਵਿਧਾਨ ਸਭਾ ਸਪੀਕਰ ਦੀ ਚੋਣ 9 ਦਸੰਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਗਠਜੋੜ ਸਰਕਾਰ ਭਰੋਸੇ ਦਾ ਵੋਟ ਮੰਗੇਗੀ। ਫੜਨਵੀਸ ਨੇ ਵੀਰਵਾਰ ਸ਼ਾਮ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਦੇ ਨੇਤਾਵਾਂ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੇ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ-ਐੱਨਸੀਪੀ (ਰਾਸ਼ਟਰਵਾਦੀ ਕਾਂਗਰਸ ਪਾਰਟੀ) ਦੇ ਮਹਾਯੁਤੀ ਗਠਜੋੜ ਨੇ 288 ਵਿਧਾਨ ਸਭਾ ਸੀਟਾਂ ਵਿੱਚੋਂ 230 ਸੀਟਾਂ ਜਿੱਤੀਆਂ ਸਨ। ਰਾਜ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 16 ਤੋਂ 21 ਦਸੰਬਰ ਤੱਕ ਨਾਗਪੁਰ ਵਿੱਚ ਹੋਵੇਗਾ।