BJP ਵਿਧਾਇਕ ਨੂੰ ਅਮਿਤ ਸ਼ਾਹ ਦੇ ਬੇਟੇ ਦੇ ਨਾਂ ''ਤੇ ਆਇਆ ਫੋਨ, ਮੰਗੇ 5 ਲੱਖ ਰੁਪਏ

Monday, Feb 17, 2025 - 05:26 PM (IST)

BJP ਵਿਧਾਇਕ ਨੂੰ ਅਮਿਤ ਸ਼ਾਹ ਦੇ ਬੇਟੇ ਦੇ ਨਾਂ ''ਤੇ ਆਇਆ ਫੋਨ, ਮੰਗੇ 5 ਲੱਖ ਰੁਪਏ

ਹਰਿਦੁਆਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਦੱਸ ਕੇ ਹਰਿਦੁਆਰ ਦੇ ਇਕ ਵਿਧਾਇਕ ਤੋਂ ਫ਼ੋਨ 'ਤੇ 5 ਲੱਖ ਰੁਪਏ ਮੰਗਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਾਣੀਪੁਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਆਦੇਸ਼ ਚੌਹਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਕੋਲ ਦਰਜ ਸ਼ਿਕਾਇਤ ਦੇ ਅਨੁਸਾਰ, ਐਤਵਾਰ ਦੇਰ ਸ਼ਾਮ ਚੌਹਾਨ ਦੇ ਮੋਬਾਈਲ ਫੋਨ 'ਤੇ ਇਕ ਅਣਜਾਣ ਨੰਬਰ ਤੋਂ ਫੋਨ ਆਇਆ, ਜਿਸ 'ਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਵਜੋਂ ਪੇਸ਼ ਕੀਤਾ ਅਤੇ ਉਸ ਨੂੰ ਪਾਰਟੀ ਫੰਡ 'ਚ 5 ਲੱਖ ਰੁਪਏ ਦਾਨ ਕਰਨ ਲਈ ਕਿਹਾ।

ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣਗੇ ਉੱਡ ਜਾਣਗੇ ਹੋਸ਼

ਇਸ 'ਚ ਕਿਹਾ ਗਿਆ ਕਿ ਚੌਹਾਨ ਨੂੰ ਸ਼ੱਕ ਹੋਇਆ ਅਤੇ ਜਦੋਂ ਉਸ ਨੇ ਆਪਣਾ ਸ਼ੱਕ ਜ਼ਾਹਰ ਕੀਤਾ ਤਾਂ ਫੋਨ ਕਰਨ ਵਾਲੇ ਨੇ ਉਸ ਨਾਲ ਅਸ਼ਲੀਲ ਭਾਸ਼ਾ 'ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੈਸੇ ਨਾ ਦੇਣ 'ਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਬਦਨਾਮ ਕਰਨ ਦੀ ਧਮਕੀ ਦਿੱਤੀ। ਵਿਧਾਇਕ ਨੇ ਇਸ ਮੁੱਦੇ 'ਤੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਚਰਚਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਲੋਕ ਸੰਪਰਕ ਅਧਿਕਾਰੀ ਰੋਮੀਸ਼ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਹਰਿਦੁਆਰ ਦੇ ਸੀਨੀਅਰ ਪੁਲਸ ਸੁਪਰਡੈਂਟ ਪ੍ਰਮੋਦ ਡੋਭਾਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਹਾਦਰਾਬਾਦ ਪੁਲਸ ਸਟੇਸ਼ਨ 'ਚ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 308 (2) (ਜ਼ਬਰਨ ਵਸੂਲੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕਈ ਟੀਮਾਂ ਉਸ ਦੀ ਭਾਲ 'ਚ ਲੱਗੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News