BJP ਤੇ RSS ਦੇ ਪਿਛੋਕੜ ''ਚੋਂ ਹੋਵੇਗਾ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ !
Friday, Jul 25, 2025 - 01:39 PM (IST)

ਨਵੀਂ ਦਿੱਲੀ- ਜਗਦੀਪ ਧਨਖੜ ਵੱਲੋਂ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਹੈ। ਹੁਣ ਸਭ ਤੋਂ ਵੱਧ ਚਰਚਾ ਇਸੇ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਦੇਸ਼ ਦਾ ਅਗਲਾ ਉਪ-ਰਾਸ਼ਟਰਪਤੀ ਕੌਣ ਹੋਵੇਗਾ। ਕਿਆਸ ਲਾਏ ਜਾ ਰਹੇ ਸਨ ਕਿ ਅਗਲਾ ਉਪ-ਰਾਸ਼ਟਰਪਤੀ ਨਿਤੀਸ਼ ਕੁਮਾਰ ਜਾਂ ਰਾਮਨਾਥ ਠਾਕੁਰ ਹੋ ਸਕਦੇ ਹਨ ਪਰ ਹੁਣ ਦੋਵੇਂ ਗੱਲਾਂ ਖਾਰਜ ਹੋ ਗਈਆਂ ਹਨ।
ਸੂਤਰਾਂ ਦੀ ਮੰਨੀਏ ਤਾਂ ਭਾਜਪਾ ਨਵੇਂ ਉਪ-ਰਾਸ਼ਟਰਪਤੀ ਦੀ ਕੁਰਸੀ ਗੱਠਜੋੜ ਦੀ ਕਿਸੇ ਸਹਿਯੋਗੀ ਪਾਰਟੀ ਦੇ ਨੇਤਾ ਨੂੰ ਸੌਂਪਣ ਦੀ ਬਜਾਏ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਮਜ਼ਬੂਤ ਵਿਅਕਤੀ ਨੂੰ ਇਸ ਉੱਪਰ ਬਿਠਾਉਣਾ ਚਾਹੁੰਦੀ ਹੈ। ਦੇਸ਼ ਦਾ ਅਗਲਾ ਉਪ-ਰਾਸ਼ਟਰਪਤੀ ਭਾਜਪਾ ਦਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਤੇ ਜਨਤਾ ਦਲ (ਯੂ) ਦੇ ਰਾਜ ਸਭਾ ਮੈਂਬਰ ਰਾਮਨਾਥ ਠਾਕੁਰ ਦੇ ਨਾਂ ਦੇ ਵੀ ਕਿਆਸ ਲਾਏ ਜਾ ਰਹੇ ਸਨ। ਇਸ ਦਾ ਕਾਰਨ ਇਹ ਸੀ ਕਿ ਬੁੱਧਵਾਰ ਨੂੰ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਰਾਮਨਾਥ ਠਾਕੁਰ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਇਹ ਅਟਕਲਾਂ ਬੇਬੁਨਿਆਦ ਦੱਸੀਆਂ ਜਾ ਰਹੀਆਂ ਹਨ। ਭਾਜਪਾ ਨੇ ਇਸ ਮੁੱਦੇ ’ਤੇ ਜਨਤਾ ਦਲ (ਯੂ) ਨਾਲ ਕੋਈ ਗੱਲਬਾਤ ਨਹੀਂ ਕੀਤੀ। ਨਵੇਂ ਉਪ-ਰਾਸ਼ਟਰਪਤੀ ਲਈ ਥਾਵਰ ਚੰਦ ਗਹਿਲੋਤ ਦੇ ਨਾਂ ਦੀ ਵੀ ਚਰਚਾ ਹੈ। ਉਹ ਭਾਜਪਾ ਦੇ ਸੀਨੀਅਰ ਨੇਤਾ ਅਤੇ ਦਲਿਤ ਭਾਈਚਾਰੇ ਦੇ ਪ੍ਰਮੁੱਖ ਚਿਹਰਿਆਂ ਵਿਚੋਂ ਇਕ ਹਨ।
ਇਹ ਵੀ ਪੜ੍ਹੋ- ਟਰੰਪ ਦੇ ਗਲ਼ੇ ਦੀ ਹੱਡੀ ਬਣੀ Epstein Files ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ
ਆਪਣਾ ਸਾਂਝਾ ਉਮੀਦਵਾਰ ਉਤਾਰ ਸਕਦਾ ਹੈ ‘ਇੰਡੀਆ’ ਗੱਠਜੋੜ
ਵਿਰੋਧੀ ‘ਇੰਡੀਆ’ ਗੱਠਜੋੜ ਉਪ-ਰਾਸ਼ਟਰਪਤੀ ਦੀ ਚੋਣ ਵਿਚ ਸਾਂਝਾ ਉਮੀਦਵਾਰ ਉਤਾਰ ਸਕਦਾ ਹੈ। ਹਾਲਾਂਕਿ ਸਾਰੀਆਂ ਸਹਿਯੋਗੀ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਇਸ ’ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਰੋਧੀ ਗੱਠਜੋੜ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਉਪ-ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਇਹ ਭਾਵਨਾ ਹੈ ਕਿ ਇਸ ਵਿਚ ਉਮੀਦਵਾਰ ਉਤਾਰਿਆ ਜਾਵੇ, ਭਾਵੇਂ ਨਤੀਜੇ ਕੁਝ ਵੀ ਹੋਣ ਕਿਉਂਕਿ ਇੰਝ ਕਰਨ ਨਾਲ ਸਿਆਸੀ ਸੁਨੇਹਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e