PM ਮੋਦੀ ਦੇ ਲੋਕ ਸਭਾ 'ਚ ਆਉਣ 'ਤੇ ਭਾਜਪਾ ਮੈਂਬਰਾਂ ਨੇ ਲਗਾਏ 'ਮੋਦੀ-ਮੋਦੀ' ਦੇ ਨਾਅਰੇ, ਦੇਖੋ ਵੀਡੀਓ

03/14/2022 1:19:47 PM

ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਸੋਮਵਾਰ ਨੂੰ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਹੇਠਲੇ ਸਦਨ 'ਚ ਕਾਰਵਾਈ ਸ਼ੁਰੂ ਹੋਣ 'ਤੇ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਸਦਨ 'ਚ ਆਏ, ਸੱਤਾਧਾਰੀ ਪਾਰਟੀ ਦੇ ਮੈਂਬਰ ਆਪਣੇ ਸਥਾਨ 'ਤੇ ਖੜ੍ਹੇ ਹੋ ਕੇ ਮੇਜ਼ਾਂ ਥਪਥਪਾਉਣ ਲੱਗੇ। ਇਸ ਤੋਂ ਬਾਅਦ ਭਾਜਪਾ ਮੈਂਬਰਾਂ ਨੇ 'ਭਾਰਤ ਮਾਤਾ ਦੀ ਜੈ' ਅਤੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਭਾਜਪਾ ਮੈਂਬਰਾਂ ਨੇ ਕਰੀਬ ਇਕ ਮਿੰਟ ਤੱਕ ਨਾਅਰੇ ਲਗਾਏ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਮੌਜੂਦ ਸਨ।

 

ਦੱਸਣਯੋਗ ਹੈ ਕਿ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਬੈਠਕ ਅਜਿਹੇ ਸਮੇਂ ਸ਼ੁਰੂ ਹੋਈ ਹੈ, ਜਦੋਂ ਕੁਝ ਹੀ ਦਿਨ ਪਹਿਲਾਂ 5 ਸੂਬਿਆਂ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ। ਇਨ੍ਹਾਂ 'ਚ ਭਾਜਪਾ ਨੇ ਚਾਰ ਸੂਬਿਆਂ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ 'ਚ ਜਿੱਤ ਦਰਜ ਕੀਤੀ ਅਤੇ ਸਰਕਾਰ ਬਣਾਉਣ ਜਾ ਰਹੀ ਹੈ, ਉੱਥੇ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਸਫ਼ਲਤਾ ਮਿਲੀ ਹੈ। ਸੈਸ਼ਨ ਦੌਰਾਨ ਵਿਰੋਧੀ ਧਿਰ ਸਰਕਾਰ ਨੂੰ ਵਧਦੀ ਬੇਰੁਜ਼ਗਾਰੀ, ਕਰਮਚਾਰੀ ਭਵਿੱਖ ਫੰਡ 'ਤੇ ਵਿਆਜ਼ ਦਰ 'ਚ ਕਟੌਤੀ ਅਤੇ ਜੰਗ ਪ੍ਰਭਾਵਿਤ ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਨਿਕਾਸੀ ਸਮੇਤ ਕਈ ਮੁੱਦਿਆਂ 'ਤੇ ਘੇਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸੈਸ਼ਨ ਦੇ ਇਸ ਪੜਾਅ 'ਚ ਸਾਲ 2022-23 ਦੇ ਕੇਂਦਰੀ ਬਜਟ ਪ੍ਰਸਤਾਵਾਂ 'ਤੇ ਸੰਸਦ ਦੀ ਮਨਜ਼ੂਰੀ ਪ੍ਰਾਪਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਬਜਟ ਪੇਸ਼ ਕਰਨਾ ਸਰਕਾਰ ਦੇ ਏਜੰਡੇ 'ਚ ਸਿਖ਼ਰ 'ਤੇ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੰਮੂ ਕਸ਼ਮੀਰ ਲਈ ਸੋਮਵਾਰ ਨੂੰ ਬਜਟ ਪੇਸ਼ ਕਰੇਗੀ। ਸਰਕਾਰ ਨੇ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ਼ (ਸੋਧ) ਬਿੱਲ ਨੂੰ ਵੀ ਲੋਕ ਸਭਾ 'ਚ ਵਿਚਾਰ ਕੀਤੇ ਜਾਣ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ।


DIsha

Content Editor

Related News