ਭਾਜਪਾ ਹੈੱਡਕੁਆਰਟਰ ’ਚ ਚੱਲੇ ਘਸੁੰਨ-ਮੁੱਕੇ ਤੇ ਲੱਤਾਂ
Saturday, Mar 01, 2025 - 01:14 AM (IST)

ਜੈਪੁਰ- ਰਾਜਸਥਾਨ ਭਾਜਪਾ ਹੈੱਡਕੁਆਰਟਰ ਵਿਖੇ ਹੋਏ ਝਗੜੇ ਕਾਰਨ ਪਾਰਟੀ ਆਗੂਆਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਪਾਰਟੀ ਹੈੱਡਕੁਆਰਟਰ ’ਚ ਚੱਲੇ ਲੱਤਾਂ ਅਤੇ ਘਸੁੰਨ ਦਿਨ ਭਰ ਚਰਚਾ ਦਾ ਵਿਸ਼ਾ ਬਣੇ ਰਹੇ।
ਹਰ ਪਾਸੇ ਇਹੋ ਚਰਚਾ ਰਹੀ ਕਿ ਆਖਿਰ ਅਜਿਹੀ ਕਿਹੜੀ ਨੌਬਤ ਆ ਗਈ, ਜਿਸ ਨਾਲ ਸਟੇਜ ’ਤੇ ਹੀ ਝਗੜਾ ਹੋ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਲੱਤਾਂ ਤੇ ਘਸੁੰਨ ਚੱਲੇ, ਉਹ ਪਾਰਟੀ ਦੇ ਸੂਬਾ ਪ੍ਰਧਾਨ ਮਦਨ ਰਾਠੌਰ ਦੀ ਮੌਜੂਦਗੀ ਵਿਚ ਚੱਲੇ। ਪੂਰਾ ਘਟਨਾਚੱਕਰ ਮਦਨ ਰਾਠੌਰ ਦੀਆਂ ਅੱਖਾਂ ਦੇ ਸਾਹਮਣੇ ਹੋਇਆ।
ਇਸ ਝਗੜੇ ਕਾਰਨ ਸੂਬਾ ਪ੍ਰਧਾਨ ਬਹੁਤ ਨਾਰਾਜ਼ ਹੋਏ। ਉਨ੍ਹਾਂ ਘੱਟ ਗਿਣਤੀ ਮੋਰਚੇ ਦੇ ਸੂਬਾ ਪ੍ਰਧਾਨ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਭਾਜਪਾ ਘੱਟ ਗਿਣਤੀ ਮੋਰਚੇ ਦੇ ਸੂਬਾ ਪ੍ਰਧਾਨ ਹਮੀਨ ਖਾਨ ਮੇਵਾਤੀ ਨੇ ਮੋਰਚੇ ਦੇ ਜਨਰਲ ਸਕੱਤਰ ਜਾਵੇਦ ਕੁਰੈਸ਼ੀ ਨੂੰ ਅਹੁਦੇ ਤੋਂ ਹਟਾ ਦਿੱਤਾ। ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਜਾਵੇਦ ਕੁਰੈਸ਼ੀ ਪਿਛਲੇ ਕਈ ਸਾਲਾਂ ਤੋਂ ਸੰਗਠਨ ਵਿਚ ਸਰਗਰਮ ਹਨ।
ਲੱਗਭਗ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਮੋਰਚੇ ਦਾ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਮੋਰਚੇ ਦੇ ਸੂਬਾਈ ਉਪ-ਪ੍ਰਧਾਨ ਰਹਿ ਚੁੱਕੇ ਹਨ। 27 ਫਰਵਰੀ ਦੀ ਦੁਪਹਿਰ ਨੂੰ ਮੋਰਚੇ ਦੀ ਮਹੱਤਵਪੂਰਨ ਮੀਟਿੰਗ ਲਈ ਸਾਰੇ ਅਧਿਕਾਰੀ ਭਾਜਪਾ ਹੈੱਡਕੁਆਰਟਰ ਵਿਚ ਮੌਜੂਦ ਸਨ।