ਪੱਛਮੀ ਬੰਗਾਲ ’ਚ ਭਾਜਪਾ ਨੂੰ ਕ੍ਰਿਸ਼ਮਈ ਨੇਤਾ ਦੀ ਭਾਲ

Friday, Apr 11, 2025 - 06:45 PM (IST)

ਪੱਛਮੀ ਬੰਗਾਲ ’ਚ ਭਾਜਪਾ ਨੂੰ ਕ੍ਰਿਸ਼ਮਈ ਨੇਤਾ ਦੀ ਭਾਲ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਚ ਭਾਜਪਾ ਮਮਤਾ ਬੈਨਰਜੀ ਦੇ ਖਿਲਾਫ ਇਕ ਕ੍ਰਿਸ਼ਮਈ ਚਿਹਰੇ ਦੀ ਭਾਲ ਕਰ ਰਹੀ ਹੈ, ਖਾਸ ਤੌਰ ’ਤੇ ਇਕ ਔਰਤ ਦੀ। 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 77 ਸੀਟਾਂ ਜਿੱਤੀਆਂ ਸਨ ਅਤੇ ਹੁਣ ਇਹ ਗਿਣਤੀ ਘੱਟ ਕੇ 65 ਰਹਿ ਗਈ ਹੈ। ਭਾਜਪਾ 2026 ਦੀਆਂ ਚੋਣਾਂ ਵਿਚ ਰਿਸਕ ਨਹੀਂ ਲੈਣਾ ਚਾਹੁੰਦੀ ਅਤੇ ਸੱਤਾ ਹਾਸਲ ਕਰਨ ਲਈ ਦ੍ਰਿੜ ਹੈ। ਕਿਉਂਕਿ ਮਮਤਾ ਬੈਨਰਜੀ ਆਪਣੇ ਰਵਾਇਤੀ ਵੋਟ ਬੈਂਕ ਤੋਂ ਇਲਾਵਾ ਲੱਗਭਗ 27-28 ਫੀਸਦੀ ਘੱਟ ਗਿਣਤੀ ਵੋਟਾਂ ’ਤੇ ਨਿਰਭਰ ਹੈ, ਇਸ ਲਈ ਭਾਜਪਾ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ।

ਭਾਜਪਾ ਨੂੰ ਆਪਣੀ ਚੋਣ ਰਣਨੀਤੀ ਬਦਲਣੀ ਪਵੇਗੀ ਅਤੇ ਉਸ ਟੀਚੇ ਵੱਲ ਦ੍ਰਿੜਤਾ ਨਾਲ ਕੰਮ ਕਰਨਾ ਪਵੇਗਾ। ਜੇਕਰ ਪਿਛਲੇ ਮਹੀਨੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦਾ ਪੱਛਮੀ ਬੰਗਾਲ ਦਾ 10 ਦਿਨਾਂ ਦਾ ਦੌਰਾ ਕੋਈ ਸੰਕੇਤ ਹੈ ਤਾਂ ਹਮਲਾਵਰ ਹਿੰਦੂਤਵ ਨਵੀਂ ਚੋਣ ਰਣਨੀਤੀ ਹੈ। ਭਾਗਵਤ ਨੇ ‘ਹਿੰਦੂ ਏਕਤਾ’ ਦਾ ਨਾਅਰਾ ਦਿੱਤਾ ਅਤੇ ਇਸ ਸਾਲ ਆਰ. ਐੱਸ. ਐੱਸ. ਸ਼ਾਖਾਵਾਂ ਦੀ ਗਿਣਤੀ 6000 ਤੋਂ ਵਧਾ ਕੇ 12,000 ਕਰਨ ਦਾ ਐਲਾਨ ਕੀਤਾ।

ਇਕ ਸਾਲ ਦੇ ਅੰਦਰ ਸ਼ਾਖਾਵਾਂ ਨੂੰ ਦੁੱਗਣਾ ਕਰਨ ਦਾ ਉਦੇਸ਼ ਪੱਛਮੀ ਬੰਗਾਲ ਵਿਚ ਭਗਵਾ ਝੰਡਾ ਲਹਿਰਾਉਣਾ ਹੈ, ਜੋ ਕਿ ਭਾਜਪਾ ਲਈ ਇਕ ਅਜਿੱਤ ਕਿਲ੍ਹੇ ਵਾਂਗ ਹੈ। ਆਰ. ਐੱਸ. ਐੱਸ. ਨੇ 6 ਅਪ੍ਰੈਲ ਨੂੰ ਰਾਮ ਨੌਮੀ ਮੌਕੇ ਘੱਟੋ-ਘੱਟ 1,000 ਥਾਵਾਂ ’ਤੇ ਜਲੂਸ ਕੱਢ ਕੇ ਬੰਗਾਲ ਵਿਚ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ, ਅਧਿਆਪਕ ਭਰਤੀ ਘਪਲੇ ਨੂੰ ਲੈ ਕੇ ਦਿੱਤੇ ਫੈਸਲੇ ਨੇ ਮਮਤਾ ਦੇ ਅਕਸ ਨੂੰ ਢਾਹ ਲਗਾਈ ਹੈ।

ਹਾਲਾਂਕਿ, ਮਮਤਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਅਜੇ ਵੀ ਬਹੁਤ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ ਕਿਉਂਕਿ ਉਨ੍ਹਾਂ ਵਿਰੁੱਧ ਅਜੇ ਤੱਕ ਭ੍ਰਿਸ਼ਟਾਚਾਰ ਦਾ ਕੋਈ ਨਿੱਜੀ ਦੋਸ਼ ਨਹੀਂ ਹੈ। 2026 ਦੀਆਂ ਚੋਣਾਂ ਵਿਚ ਸੂਬੇ ਵਿਚ ਭਾਜਪਾ ਬਨਾਮ ਤ੍ਰਿਣਮੂਲ ਮੁਕਾਬਲਾ ਹੋ ਸਕਦਾ ਹੈ ਕਿਉਂਕਿ ਕਾਂਗਰਸ ਅਤੇ ਸੀ. ਪੀ. ਐੱਮ. ਕੈਡਰ ਤੀਜੀ ਤਾਕਤ ਬਣਾਉਣ ਲਈ ਜ਼ਮੀਨ ਤੌਰ ’ਤੇ ਅਜੇ ਅਸਮਰੱਥ ਹਨ। ਭਾਜਪਾ ਦੀ ਅਸਲੀ ਚੁਣੌਤੀ ਇਕ ਕ੍ਰਿਸ਼ਮਈ ਮਹਿਲਾ ਨੇਤਾ ਲੱਭਣਾ ਹੈ, ਭਾਵੇਂ ਹੀ ਉਹ ‘ਬਾਹਰ ਤੋਂ ਲਿਆਂਦੀ ਗਈ’ ਹੋਵੇ। ਇਹ ਵੀ ਧਿਆਨ ਦੇਣ ਯੋਗ ਹੈ ਕਿ ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਚੋਣਾਂ ਵਾਲੇ ਸੂਬੇ ਦਾ ਚਾਰਜ ਸੰਭਾਲ ਲਿਆ ਹੈ।


author

Rakesh

Content Editor

Related News