ਬਰੇਲੀ ’ਚ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

04/15/2020 9:36:18 PM

ਲਖਨਊ (ਅਭਿਸ਼ੇਕ)– ਬਰੇਲੀ ਜ਼ਿਲੇ ’ਚ ਭਾਜਪਾ ਨੇਤਾ ਯੂਨਸ ਅਹਿਮਦ ਡੰਪੀ ਦੀ ਕੱਲ ਦੇਰ ਰਾਤ ਉਨ੍ਹਾਂ ਦੇ ਘਰ 4 ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਯੂਨਸ ਅਹਿਮਦ ਡੰਪੀ ਬਰੇਲੀ ’ਚ ਭਾਜਪਾ ਘੱਟ ਗਿਣਤੀ ਸੈੱਲ ਦੇ ਉਪ ਪ੍ਰਧਾਨ ਸਨ। ਪੁਲਸ ਮੁਤਾਬਕ ਭਾਜਪਾ ਨੇਤਾ ਨੂੰ ਕੱਲ ਦੇਰ ਰਾਤ ਉਨ੍ਹਾਂ ਦੇ ਘਰ ਦੇ ਬਾਹਰ 4 ਹਮਲਾਵਰਾਂ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰ ਹੱਤਿਆ ਦੇ ਪਿੱਛੇ ਜ਼ਮੀਨੀ ਵਿਵਾਦ ਦਾ ਹੋਣਾ ਦੱਸ ਰਹੇ ਹਨ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ 2 ਸਾਲ ਪਹਿਲਾਂ ਬਰਾਦਰੀ ਪੁਲਸ ਸਟੇਸ਼ਨ ’ਚ ਡੰਪੀ, ਸਿਰਾਜੂਦੀਨ, ਇਸਾਮੁਦੀਨ ਅਤੇ ਆਸਿਫ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਸਾਰੇ ਦੋਸ਼ੀ ਇਕੱਠੇ ਜੇਲ ’ਚ ਬੰਦ ਸਨ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਸੀਨੀਅਰ ਪੁਲਸ ਅਧਿਕਾਰੀ ਸ਼ੈਲੇਜ ਕੁਮਾਰ ਪਾਂਡੇ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Gurdeep Singh

Content Editor

Related News