ਗੋਲੀ ਲੱਗਣ ਨਾਲ ਜ਼ਖ਼ਮੀ ਭਾਜਪਾ ਨੇਤਾ ਦੀ ਮੌਤ, ਝਰਖੰਡ ''ਚ ਵਿਰੋਧ ਪ੍ਰਦਰਸ਼ਨ

Monday, Aug 14, 2023 - 12:59 PM (IST)

ਗੋਲੀ ਲੱਗਣ ਨਾਲ ਜ਼ਖ਼ਮੀ ਭਾਜਪਾ ਨੇਤਾ ਦੀ ਮੌਤ, ਝਰਖੰਡ ''ਚ ਵਿਰੋਧ ਪ੍ਰਦਰਸ਼ਨ

ਲਾਤੇਹਾਰ (ਝਾਰਖੰਡ)- ਗੋਲੀ ਲੱਗਣ ਨਾਲ ਜ਼ਖ਼ਮੀ ਭਾਰਤੀ ਜਨਤਾ ਪਾਰਟੀ ਦੇ ਇਕ ਨੇਤਾ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਇਸਤੋਂ ਬਾਅਦ ਲਾਤੇਹਾਰ ਜ਼ਿਲ੍ਹੇ 'ਚ ਭਾਜਪਾ ਨੇਤਾ ਦੇ ਸਮਰਥਕਾਂ ਨੇ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਲਾਤੇਹਾਰ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਉਪ ਪ੍ਰਧਾਨ ਰਾਜੇਂਦਰ ਪ੍ਰਸਾਦ ਸਾਹੂ ਨੂੰ ਸ਼ਨੀਵਾਰ ਸ਼ਾਮ ਬਾਲੂਮਾਥ ਇਲਾਕੇ 'ਚ ਦੂਨ ਸਕੂਲ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ।

ਲਾਤੇਹਾਰ ਦੇ ਐੱਸ.ਪੀ. ਅੰਜਨੀ ਅੰਜਨ ਨੇ ਕਿਹਾ ਕਿ ਸਾਹੂ ਨੂੰ ਲੱਕ, ਢਿੱਡ ਅਤੇ ਪੈਰ 'ਚ ਗੋਲੀ ਲੱਗੀ ਸੀ। ਸੋਮਵਾਰ ਤੜਕੇ ਰਾਂਚੀ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਜਿਵੇਂ ਹੀ ਸਾਹੂ ਦੀ ਮੌਤ ਦੀ ਖਬਰ ਉਨ੍ਹਾਂ ਦੇ ਸਮਰਥਕਾਂ ਤਕ ਪਹੁੰਚੀ, ਉਨ੍ਹਾਂ ਨੇ ਮੁਰਪਾ ਮੋੜ ਦੇ ਨੇੜੇ ਚਤਰਾ-ਰਾਂਚੀ ਅਤੇ ਬਾਲੂਮਾਥ-ਪਾਂਕੀ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਟਾਇਰ ਸਾੜੇ। ਨਾਲ ਹੀ ਸੜਕ ਕਿਨਾਰੇ ਖੜ੍ਹੀ ਐੱਸ.ਯੂ.ਵੀ. 'ਚ ਅੱਗ ਲਗਾ ਦਿੱਤੀ। 

ਅੰਜਨ ਨੇ ਦੱਸਿਆ ਕਿ ਬਾਅਦ 'ਚ ਪੁਲਸ ਨੇ ਆਵਾਜਾਈ ਬਹਾਲ ਕੀਤੀ। ਐੱਸ.ਪੀ. ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਵਾਂਗੇ। 


author

Rakesh

Content Editor

Related News