ਬੌਖਲਾਹਟ ’ਚ ‘ਆਪ’ ਨੇਤਾਵਾਂ ਨੂੰ ਜੇਲ ਭੇਜ ਰਹੀ ਭਾਜਪਾ : ਭਗਵੰਤ ਮਾਨ
Thursday, Oct 26, 2023 - 01:15 PM (IST)
ਮੱਧ ਪ੍ਰਦੇਸ਼/ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਬੌਖਲਾਹਟ ਵਿਚ ਆ ਕੇ ‘ਆਪ’ ਨੇਤਾਵਾਂ ਨੂੰ ਜੇਲ ਭੇਜ ਰਹੀ ਹੈ ਕਿਉਂਕਿ ਉਸ ਕੋਲੋਂ ‘ਆਪ’ ਨੇਤਾਵਾਂ ਦੀ ਲੋਕਪ੍ਰਿਯਤਾ ਸਹਿਨ ਨਹੀਂ ਹੋ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਚੋਣ ਦੌਰੇ ’ਤੇ ਚਲੇ ਗਏ ਹਨ। ਉਹ ਕੱਲ ਮੱਧ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿਚ ਬੁੰਦੇਲਖੰਡ ਵਿਚ 3 ਵਿਧਾਨ ਸਭਾ ਸੀਟਾਂ ’ਤੇ ਰੋਡ ਸ਼ੋਅ ਕੱਢਣਗੇ। ਭਗਵੰਤ ਮਾਨ ਮਹਾਰਾਜਪੁਰ ਦੇ ਨਯਾ ਗਾਓਂ ਵਿਚ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ ਅਤੇ ਦੁਪਹਿਰ ਨੂੰ ਉਹ ਛਤਰਪੁਰ ਤੇ ਸ਼ਾਮ 4 ਵਜੇ ਬਿਜਾਵਰ ਵਿਚ ‘ਆਪ’ ਉਮੀਦਵਾਰ ਅਮਿਤ ਭਗਨਾਗਰ ਦੇ ਹੱਕ ਵਿਚ ਰੋਡ ਸ਼ੋਅ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਪੰਜਾਬ ਤੋਂ ਆਏ ਹਾਂ ਜਿਥੇ ਸਭ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਸਾਰਿਆਂ ਦੇ ਅਮਨ-ਚੈਨ ਤੇ ਤਰੱਕੀ ਲਈ ਅਰਦਾਸ ਕਰਦੇ ਹਾਂ। ਅਸੀਂ ਭਲਾ ਮੰਗਣ ਵਾਲੇ ਲੋਕ ਹਾਂ ਅਤੇ ਅਸੀਂ ਲੋਕ ਸੌੜੀ ਸਿਆਸਤ ਨਹੀਂ ਕਰਦੇ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਮਨੀਸ਼ ਸਿਸੌਦੀਆਂ ਨੇ ਦਿੱਲੀ ਵਿਚ ਵਿਸ਼ਵ ਪੱਧਰੀ ਸਕੂਲ ਬਣਾ ਕੇ ਦਿੱਤੇ ਸਨ ਤਾਂ ਉਨ੍ਹਾਂ ਦੀ ਪ੍ਰਸ਼ੰਸਾ ਪੂਰੇ ਵਿਸ਼ਵ ਵਿਚ ਹੋਈ, ਜਿਸ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ। ਇਸੇ ਤਰ੍ਹਾਂ ਦਿੱਲੀ ਦੇ ਸਿਹਤ ਮੰਤਰੀ ਨੂੰ ਵੀ ਜੇਲ ਭੇਜਿਆ ਗਿਆ ਕਿਉਂਕਿ ਉਨ੍ਹਾਂ ਦਿੱਲੀ ਵਿਚ ਮੁਹੱਲਾ ਕਲੀਨਿਕ ਬਣਾ ਕੇ ਗਰੀਬਾਂ ਨੂੰ ਸਸਤੀਆਂ ਦਵਾਈਆਂ ਤੇ ਮੁਫਤ ਮੈਡੀਕਲ ਟੈਸਟ ਮੁਹੱਈਆ ਕਰਵਾਏ ਸਨ।
ਸਿੱਖਿਆ ਤੇ ਸਿਹਤ ਦੇ ਖੇਤਰਾਂ ’ਚ ਕ੍ਰਾਂਤੀਕਾਰੀ ਸੁਧਾਰ ਕੀਤੇ
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇ ਲਗਾਉਣ ਤੇ ਬਿਆਨ ਦੇਣ ਕਾਰਨ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ ਭੇਜ ਦਿੱਤਾ ਗਿਆ। ਉਨ੍ਹਾਂ ਖਿਲਾਫ ਵੀ ਕੋਈ ਸਬੂਤ ਨਹੀਂ ਸੀ। ਉਨ੍ਹਾਂ ਕਿਹਾ ਕਿ ਸੰਜੇ ਸਿੰਘ ਛੇਤੀ ਬਾਹਰ ਆਉਣਗੇ ਅਤੇ ਜਨਤਾ ਉਨ੍ਹਾਂ ਦਾ ਹੀਰੋ ਵਾਂਗ ਸਵਾਗਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਤੇ ਸਿਹਤ ਖੇਤਰਾਂ ਵਿਚ ਕ੍ਰਾਂਤੀਕਾਰੀ ਸੁਧਾਰ ਕੀਤੇ ਹਨ ਅਤੇ ਨਾਲ ਹੀ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ। ਇਹ ਗੱਲ ਹੋਰਨਾਂ ਪਾਰਟੀਆਂ ਤੋਂ ਹਜ਼ਮ ਨਹੀਂ ਹੋ ਰਹੀ ਹੈ।