ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੀ ਹੈ ਭਾਜਪਾ : ਰਾਹੁਲ

Friday, Jan 03, 2025 - 08:16 PM (IST)

ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੀ ਹੈ ਭਾਜਪਾ : ਰਾਹੁਲ

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (ਐੱਮ. ਪੀ. ਪੀ. ਐੱਸ. ਸੀ.) ਦੀ ਪ੍ਰੀਖਿਆ ਨਾਲ ਜੁੜੇ ਵਿਵਾਦ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਤੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੀ ਹੈ।

ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਵਿਦਿਆਰਥੀਆਂ ਦੇ ਭਰੋਸੇ ਨੂੰ ਤੋੜਨ ਦੇ ਨਾਲ ਹੀ ਲੋਕਤੰਤਰ ਪ੍ਰਣਾਲੀ ਦਾ ਗਲਾ ਘੁੱਟਿਆ ਹੈ। ਰਾਹੁਲ ਨੇ ਐਕਸ ’ਤੇ ਪੋਸਟ ਕੀਤਾ ਕਿ ਭਾਜਪਾ ਭਾਰਤ ਦੇ ਨੌਜਵਾਨਾਂ ਦਾ ਬਿਲਕੁਲ ਏਕਲਵਿਆ ਵਾਂਗ ਅੰਗੂਠਾ ਵੱਢ ਰਹੀ ਹੈ, ਉਨ੍ਹਾਂ ਦਾ ਭਵਿੱਖ ਤਬਾਹ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਭਰਤੀ ਵਿਚ ਨਾਕਾਮ ਹੋਣਾ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਭਰਤੀ ਨਹੀਂ ਨਿਕਲਦੀ, ਜੇਕਰ ਭਰਤੀ ਨਿਕਲ ਵੀ ਜਾਵੇ ਤਾਂ ਇਮਤਿਹਾਨ ਸਮੇਂ ਸਿਰ ਨਹੀਂ ਹੁੰਦੇ। ਇਮਤਿਹਾਨ ਹੋਣ ਤਾਂ ਪੇਪਰ ਲੀਕ ਕਰਵਾ ਦਿੱਤੇ ਜਾਂਦੇ ਹਨ। ਜਦੋਂ ਨੌਜਵਾਨ ਇਨਸਾਫ ਮੰਗਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਨੂੰ ਬੇਰਹਿਮੀ ਨਾਲ ਦਬਾ ਦਿੱਤਾ ਜਾਂਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਹਾਲ ਹੀ ਵਿਚ ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਘਟਨਾਵਾਂ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿਚ ਐੱਮ. ਪੀ. ਪੀ. ਐੱਸ. ਸੀ. ਵਿਚ ਗੜਬੜੀ ਦਾ ਵਿਰੋਧ ਕਰ ਰਹੇ 2 ਵਿਦਿਆਰਥੀਆਂ ਨੂੰ ਜੇਲ ਵਿਚ ਡੱਕ ਦਿੱਤਾ ਗਿਆ। ਉਹ ਵੀ ਜਦੋਂ ਮੁੱਖ ਮੰਤਰੀ ਨੇ ਖੁਦ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ।


author

Rakesh

Content Editor

Related News