ਨੌਜਵਾਨਾਂ ਦੇ ਸੁਫ਼ਨਿਆਂ ਨੂੰ ਕੁਚਲ ਰਹੀ ਹੈ ਭਾਜਪਾ : ਮਲਿਕਾਰਜੁਨ ਖੜਗੇ

Monday, Nov 13, 2023 - 06:26 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇਸ਼ ਦੇ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਕੁਚਲ ਰਹੀ ਹੈ। ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ,''ਜਦੋਂ ਪ੍ਰਧਾਨ ਮੰਤਰੀ ਤੇਲੰਗਾਨਾ 'ਚ (ਜਨਸਭਾ 'ਚ) ਬੋਲ ਰਹੇ ਸਨ ਤਾਂ ਉਸ ਸਮੇਂ ਇਕ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ। ਇਕ ਕੁੜੀ ਦੇਸ਼ ਦੇ ਸਾਹਮਣੇ ਮੌਜੂਦ ਅਸਲ ਮੁੱਦਿਆਂ 'ਤੇ ਧਿਆਨ ਆਕਰਸ਼ਿਤ ਕਰਨ ਲਈ ਬਿਜਲੀ ਦੇ ਖੰਭੇ 'ਤੇ ਚੜ੍ਹ ਗਈ।'' ਉਨ੍ਹਾਂ ਨੇ ਦਾਅਵਾ ਕੀਤਾ,"ਨੌਜਵਾਨ ਭਾਰਤ ਮੋਦੀ ਸਰਕਾਰ ਦੇ ਵਿਸ਼ਵਾਸਘਾਤ ਤੋਂ ਤੰਗ ਆ ਚੁੱਕੇ ਹਨ। ਉਹ ਨੌਕਰੀਆਂ ਦੀ ਇੱਛਾ ਰੱਖਦੇ ਸਨ ਪਰ ਬਦਲੇ 'ਚ ਉਨ੍ਹਾਂ ਨੂੰ 45 ਸਾਲ ਦੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਮਿਲੀ। ਉਹ ਆਰਥਿਕ ਸਸ਼ਕਤੀਕਰਨ ਚਾਹੁੰਦੇ ਸਨ ਪਰ ਬਦਲੇ ਵਿਚ ਭਾਜਪਾ ਨੇ ਕਮਰਤੋੜ ਮਹਿੰਗਾਈ ਦਿੱਤੀ, ਜਿਸ ਨਾਲ ਉਨ੍ਹਾਂ ਦੀ ਬਚਤ 47 ਸਾਲਾਂ ਦੇ ਹੇਠਲੇ ਪੱਧਰ 'ਤੇ ਆ ਗਈ।''

ਇਹ ਵੀ ਪੜ੍ਹੋ : PM ਮੋਦੀ ਦੇ ਚਲਦੇ ਭਾਸ਼ਣ 'ਚ ਖੰਭੇ 'ਤੇ ਜਾ ਚੜ੍ਹੀ ਕੁੜੀ, ਵੇਖੋ ਕਿਵੇਂ ਪੈ ਗਈਆਂ ਭਾਜੜਾਂ (ਵੀਡੀਓ)

ਖੜਗੇ ਨੇ ਕਿਹਾ,''ਨੌਜਵਾਨ ਸਮਾਜਿਕ ਅਤੇ ਆਰਥਿਕ ਨਿਆਂ ਲਈ ਉਮੀਦ ਕਰ ਰਹੇ ਸਨ ਪਰ ਬਦਲੇ 'ਚ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਲਗਾਤਾਰ ਵਧਦੀ ਆਰਥਿਕ ਅਸਮਾਨਤਾ ਦਿੱਤੀ। ਸਭ ਤੋਂ ਅਮੀਰ 5 ਫ਼ੀਸਦੀ ਭਾਰਤੀ ਨਾਗਰਿਕਾਂ ਕੋਲ ਭਾਰਤ ਦੀ 60 ਫ਼ੀਸਦੀ ਤੋਂ ਵੱਧ ਜਾਇਦਾਦ ਹੈ, ਜਦੋਂ ਕਿ ਮੱਧਮ ਵਰਗ ਅਤੇ ਗਰੀਬ ਪੀੜਤ ਹਨ।'' ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ 'ਚ ਔਰਤਾਂ, ਬੱਚਿਆਂ, ਦਲਿਤਾਂ, ਆਦਿਵਾਸੀਆਂ ਅਤੇ ਪਿਛੜੇ ਵਰਗਾਂ ਖ਼ਿਲਾਫ਼ ਅਪਰਾਧ ਕਈ ਗੁਣਾ ਵੱਧ ਗਏ ਹਨ। ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ,''ਨੌਜਵਾਨ ਦੇਸ਼ 'ਚ ਏਕਤਾ ਅਤੇ ਸਦਭਾਵਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਨਫ਼ਰਤ ਅਤੇ ਵੰਡ ਮਿਲੀ। ਮੋਦੀ ਸਰਕਾਰ ਅਤੇ ਭਾਜਪਾ ਭਾਰਤ ਦੇ ਨੌਜਵਾਨਾਂ ਦੇ ਸੁਫ਼ਨਿਆਂ ਅੇਤ ਇੱਛਾਵਾਂ ਨੂੰ ਕੁਚਲ ਰਹੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News