ਭਾਜਪਾ ਮਾਫੀਆ ਵਾਂਗ ਕਰ ਰਹੀ ਹੈ ਕੰਮ, ਆਸਾਮ ’ਚ ਚਲਾ ਰਹੀ ਹੈ ਸਿੰਡੀਕੇਟ : ਪ੍ਰਿਯੰਕਾ

3/23/2021 12:28:58 PM

ਸਰੂਪਥਾਰ (ਆਸਾਮ)– ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਨੇ ਆਸਾਮ ’ਚ ਸੱਤਾਧਾਰੀ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ਮਾਫੀਆ ਵਾਂਗ ਕੰਮ ਕਰ ਰਹੀ ਹੈ ਅਤੇ ਸੂਬੇ ਵਿਚ ਸਿੰਡੀਕੇਟ ਚਲਾ ਰਹੀ ਹੈ। ਸੋਮਵਾਰ ਇੱਥੇ ਇਕ ਚੋਣ ਰੈਲੀ ਵਿਚ ਬੋਲਦਿਆਂ ਪ੍ਰਿਯੰਕਾ ਨੇ ਕਿਹਾ ਕਿ ਆਸਾਮ ’ਚ ਭਗਵਾ ਪਾਰਟੀ ਦੇ 2 ਗਰੁੱਪ ਹਨ। ਦੋਹਾਂ ਗਰੁੱਪਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਆਸਾਮ ’ਚ ਭਾਜਪਾ ਦੀ ਲੀਡਰਸ਼ਿਪ ਦੀ ਤੁਲਨਾ ਮਹਾਭਾਰਤ ਦੇ ਪਾਤਰ ਧ੍ਰਿਤਰਾਸ਼ਟਰ ਤੇ ਸ਼ਕੁਨੀ ਨਾਲ ਕੀਤੀ। ਪ੍ਰਿਯੰਕਾ ਨੇ ਕਿਹਾ ਕਿ ਆਸਾਮ ਸਰਕਾਰ ਵਿਚ ਇਕ ਸ਼ਕੁਨੀ ਮਾਮਾ ਵਰਗੇ ਨੇਤਾ ਹਨ ਅਤੇ ਇਕ ਧ੍ਰਿਤਰਾਸ਼ਟਰ ਹਨ। ਦੋਹਾਂ ਨੇ ਹੀ ਅਤੇ ਭਾਜਪਾ ਨੇ ਆਸਾਮ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕਦੇ ਲੋਕਾਂ ਦੇ ਨੇਤਾ ਕਹਾਉਣ ਵਾਲੇ ‘ਧ੍ਰਿਤਰਾਸ਼ਟਰ’ ਨੇ 6 ਭਾਈਚਾਰਿਆਂ ਨਾਲ ਧੋਖਾ ਕੀਤਾ। ਉਨ੍ਹਾਂ ਭਾਈਚਾਰਿਆਂ ਨੂੰ ਐੱਸ. ਟੀ. ਭਾਈਚਾਰੇ ਵਿਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਸ ’ਤੇ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਕੋਲੋਂ ਇਹ ਫੈਸਲਾ ਨਹੀਂ ਹੋ ਰਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕਿਹੜਾ ਉਮੀਦਵਾਰ ਹੋਵੇਗਾ।


Rakesh

Content Editor Rakesh