ਆਦਿਵਾਸੀਆਂ ਨੂੰ ‘ਵਣ ਵਾਸੀ’ ਕਹਿਣਾ ਸਭ ਤੋਂ ਵੱਡਾ ਅਪਮਾਨ : ਰਾਹੁਲ
Wednesday, Mar 06, 2024 - 06:55 PM (IST)
ਬਦਨਾਵਰ (ਧਾਰ), (ਯੂ. ਐੱਨ. ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਦਿਵਾਸੀਆਂ ਦਰਮਿਆਨ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਆਦਿਵਾਸੀਆਂ ਨੂੰ ਵਣਵਾਸੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਆਦਿਵਾਸੀਆਂ ਦਾ ਸਭ ਤੋਂ ਵੱਡਾ ਅਪਮਾਨ ਹੈ। ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਨਿਆਂ’ ਯਾਤਰਾ ਤਹਿਤ ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੇ ਬਦਨਾਵਰ ’ਚ ਆਮ ਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪਾਰਟੀ ਪ੍ਰਧਾਨ ਮਲਿਕਾਰਜੁਨ ਖਰਗੇ, ਪ੍ਰਦੇਸ਼ ਪ੍ਰਧਾਨ ਜੀਤੂ ਪਟਵਾਰੀ, ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਵਿਧਾਨ ਸਭਾ ’ਚ ਵਿਰੋਧੀ ਨੇਤਾ ਉਮੰਗ ਸਿੰਘਾ ਵੀ ਹਾਜ਼ਰ ਰਹੇ।
ਸਭਾ ’ਚ ਵੱਡੀ ਗਿਣਤੀ ’ਚ ਮੌਜੂਦ ਆਦਿਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸੂਬੇ ਦੇ ਸੀਧੀ ਕਾਂਡ ਦਾ ਸੰਦਰਭ ਦਿੰਦੇ ਹੋਏ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਅਜਿਹੀ ਹੀ ਹੈ। ਭਾਜਪਾ ਸਿਰਫ ਆਦਿਵਾਸੀਆਂ ਨਾਲ ਹੀ ਨਹੀਂ, ਦਲਿਤਾਂ ਅਤੇ ਗਰੀਬ ਪਿਛੜਿਆਂ ਨਾਲ ਵੀ ਅਜਿਹਾ ਵਿਵਹਾਰ ਕਰਦੀ ਹੈ। ਭਾਜਪਾ ਦੇ ਲੋਕ ਸਾਰੀਆਂ ਥਾਵਾਂ ’ਤੇ ਕਮਜ਼ੋਰਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਹੁਣ ਆਦਿਵਾਸੀਆਂ ਨੂੰ ਵਣਵਾਸੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਵਾਂ ਸ਼ਬਦਾਂ ਦਾ ਅਰਥ ਸਮਝਾਉਂਦੇ ਹੋਏ ਕਿਹਾ ਕਿ ਆਦਿਵਾਸੀ ਦਾ ਮਤਲਬ ਉਹ ਵਿਅਕਤੀ ਜੋ ਜ਼ਮੀਨ ਦਾ ਸਭ ਤੋਂ ਪਹਿਲਾਂ ਮਾਲਕ ਸੀ, ਉਥੇ ਵਣਵਾਸੀ ਦਾ ਅਰਥ ਉਨ੍ਹਾਂ ਲੋਕਾਂ ਤੋਂ ਹੈ, ਜੋ ਜੰਗਲਾ ’ਚ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਆਦਿਵਾਸੀ ਨੂੰ ਆਦਿਵਾਸੀ ਕਹਿਣਗੇ ਤਾਂ ਸਰਕਾਰ ਨੂੰ ਉਨ੍ਹਾਂ ਨੂੰ ਜਲ-ਜੰਗਲ-ਜ਼ਮੀਨ ਦਾ ਹੱਕ ਦੇਣਾ ਪਵੇਗਾ। ਆਦਿਵਾਸੀਆਂ ਨੂੰ ਵਣਵਾਸੀ ਕਹਿਣ ਨਾਲ ਵੱਡਾ ਅਪਮਾਨ ਉਨ੍ਹਾਂ ਦਾ ਕੋਈ ਹੋਰ ਨਹੀਂ ਹੋ ਸਕਦਾ। ਇਸ ਕ੍ਰਮ ’ਚ ਉਨ੍ਹਾਂ ਕਿਹਾ ਕਿ ਇਹ ਲੋਕ ਇਕ ਦਿਨ ਤੁਹਾਡੇ ਕੋਲੋਂ ਜੰਗਲ ਵੀ ਖੋਹ ਲੈਣਗੇ ਅਤੇ ਕਹਿਣਗੇ ਕਿ ਤੁਸੀਂ ਵਣਵਾਸੀ ਹੋ, ਪਰ ਵਣ ਤਾਂ ਹੁਣ ਹੈ ਨਹੀਂ।