ਲੋਕ ਸਭਾ ਸੀਟਾਂ ਲਈ ਮਹਾਰਾਸ਼ਟਰ ’ਚ ਭਾਜਪਾ, ਸ਼ਿੰਦੇ ਧੜੇ ਅਤੇ ਰਾਕਾਂਪਾ ਵਿਚਾਲੇ ਸ਼ੁਰੂ ਹੋਈ ਖਿੱਚੋਤਾਣ

Friday, Jan 05, 2024 - 05:25 PM (IST)

ਲੋਕ ਸਭਾ ਸੀਟਾਂ ਲਈ ਮਹਾਰਾਸ਼ਟਰ ’ਚ ਭਾਜਪਾ, ਸ਼ਿੰਦੇ ਧੜੇ ਅਤੇ ਰਾਕਾਂਪਾ ਵਿਚਾਲੇ ਸ਼ੁਰੂ ਹੋਈ ਖਿੱਚੋਤਾਣ

ਜਲੰਧਰ (ਵਿਸ਼ੇਸ਼) : ਲੋਕ ਸਭਾ ਚੋਣਾਂ ਲਈ ਸੀਟ ਵੰਡ ਦੇ ਫਾਰਮੂਲੇ ਨੂੰ ਲੈ ਕੇ ਕਾਂਗਰਸ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਵਿਚਾਲੇ ਹੀ ਵਿਵਾਦ ਨਹੀਂ ਹੈ, ਸਗੋਂ ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਧੜਾ) ਵੀ ਆਪਸ ’ਚ ਭਿੜ ਰਹੇ ਹਨ। ਭਾਜਪਾ ਦੇ ਖੇਮੇ ’ਚ ਸਿਰਫ਼ ਇੰਨਾ ਹੀ ਫਰਕ ਹੈ ਕਿ ਖਿੱਚੋਤਾਣ ਬੰਦ ਦਰਵਾਜੇ ਪਿੱਛੇ ਹੋ ਰਹੀ ਹੈ। ਭਾਜਪਾ ਨੇ 2019 ’ਚ 25 ਸੀਟਾਂ ’ਤੇ ਚੋਣ ਲੜੀ ਸੀ, ਇਸ ਵਾਰ ਪਾਰਟੀ ਉਸ ਤੋਂ ਕਿਤੇ ਜ਼ਿਆਦਾ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਉਸ ਦੀਆਂ ਨਜ਼ਰਾਂ ਆਪਣੇ ਸਾਥੀਆਂ ਦੀਆਂ ਕੁਝ ਸੀਟਾਂ ’ਤੇ ਹੈ। ਖ਼ਾਸ ਕਰ ਕੇ ਸ਼ਿਵ ਸੈਨਾ (ਸ਼ਿੰਦੇ) ਦੀਆਂ ਸੀਟਾਂ ’ਤੇ ਪਾਰਟੀ ਦੀ ਨਜ਼ਰ ਹੈ। ਜਦੋਂ ਕਿ ਸ਼ਿਵ ਸੈਨਾ (ਸ਼ਿੰਦੇ) ਨੇ ਦਾਅਵਾ ਕੀਤਾ ਹੈ ਕਿ ਤਿੰਨੇ ਪਾਰਟੀਆਂ ਉਨ੍ਹਾਂ ਸੀਟਾਂ ’ਤੇ ਚੋਣ ਲੜਨਗੀਆਂ, ਜਿਨ੍ਹਾਂ ’ਤੇ ਉਨ੍ਹਾਂ ਨੇ 2019 ’ਚ ਚੋਣਾਂ ਲੜੀਆਂ ਸਨ। ਉੱਥੇ ਹੀ, ਭਾਜਪਾ ਅਤੇ ਰਾਕਾਂਪਾ ਨੇਤਾਵਾਂ ਦਾ ਦਾਅਵਾ ਹੈ ਕਿ ਸੀਟ ਵੰਡ ਫਾਰਮੂਲਾ ਤੈਅ ਨਹੀਂ ਹੋਇਆ ਹੈ। ਭਾਜਪਾ ਘੱਟੋ-ਘੱਟ ਛੇ ਸੀਟਾਂ ’ਤੇ ਚੋਣ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸ਼ਿਵ ਸੈਨਾ ਕੋਲ ਸਨ, ਜਿਨ੍ਹਾਂ ’ਚੋਂ ਇਕ ਮੁੰਬਈ ਦੱਖਣੀ ਸੀਟ ਹੈ। ਕਈ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਤਿੰਨੋਂ ਪਾਰਟੀਆਂ ਦੀ ਦਿਲਚਸਪੀ ਹੈ।

ਇਹ ਵੀ ਪੜ੍ਹੋ : ਅਨੁਸੂਚਿਤ ਜਾਤੀਆਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਉਦਾਹਰਣ ਵਜੋਂ ਮਾਵਲ ਲੋਕ ਸਭਾ ਹਲਕੇ ਨੂੰ ਹੀ ਲਓ। 2019 ’ਚ, ਸ਼ਿਵ ਸੈਨਾ ਦੇ ਸ਼੍ਰੀਰੰਗ ਬਾਰਨੇ ਰਾਕਾਂਪਾ ’ਚ ਸ਼ਾਮਲ ਹੋ ਗਏ। ਇਹ ਸੀਟ ਆਗੂ ਅਜੀਤ ਪਵਾਰ ਦੇ ਪੁੱਤਰ ਪਾਰਥ ਪਵਾਰ ਨੂੰ ਹਰਾ ਕੇ ਜਿੱਤੀ ਸੀ। ਏਕਨਾਥ ਸ਼ਿੰਦੇ ਧੜੇ ’ਚ ਸ਼ਾਮਲ ਹੋਏ ਬਾਰਨੇ ਨੂੰ ਇਸ ਹਲਕੇ ਤੋਂ ਟਿਕਟ ਮਿਲਣ ਦੀ ਉਮੀਦ ਹੈ। ਹਾਲਾਂਕਿ, ਐੱਨ.ਸੀ.ਪੀ. ਅਤੇ ਭਾਜਪਾ ਦੀ ਸਥਾਨਕ ਲੀਡਰਸ਼ਿਪ ਸੀਟ ’ਤੇ ਜਨਤਕ ਤੌਰ ’ਤੇ ਦਾਅਵਾ ਕਰਕੇ ਆਪਣੀਆਂ-ਆਪਣੀਆਂ ਪਾਰਟੀਆਂ ’ਤੇ ਦਬਾਅ ਬਣਾ ਰਹੀ ਹੈ। ਸ਼ਿਰੂਰ ’ਚ ਐੱਨ.ਸੀ.ਪੀ. (ਸ਼ਰਦ ਪਵਾਰ) ਦੇ ਅਮੋਲ ਕੋਲਹੇ ਇਕ ਵਾਰ ਫਿਰ ਚੋਣ ਲੜ ਰਹੇ ਹਨ। ਇਹ ਉਹ ਸੀਟ ਹੈ ਜਿਸ ’ਤੇ ਐੱਨ.ਸੀ.ਪੀ. (ਅਜੀਤ) ਦੇ ਨਾਲ-ਨਾਲ ਸੈਨਾ (ਸ਼ਿੰਦੇ) ਗਰੁੱਪ ਵੀ ਚੋਣ ਲੜਨ ਦੇ ਇੱਛੁਕ ਹਨ। ਸ਼ਿਵ ਸੈਨਾ (ਸ਼ਿੰਦੇ) ਦੇ ਸ਼ਿਰੂਰ ਦੇ ਸਾਬਕਾ ਸੰਸਦ ਮੈਂਬਰ ਸ਼ਿਵਾਜੀਰਾਓ ਅਧਲਰਾਓ ਪਾਟਿਲ, ਜੋ 2019 ’ਚ ਕੋਲਹੇ ਤੋਂ ਹਾਰ ਗਏ ਸਨ, ਸ਼ਿਵ ਸੈਨਾ ਤੋਂ ਦੁਬਾਰਾ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੈਨਾ ਦੇ ਨੇਤਾਵਾਂ ਅਨੁਸਾਰ ਪਾਟਿਲ ਨੇ ਐੱਨ.ਸੀ.ਪੀ. ਦੇ ਅਜੀਤ ਧੜੇ ਨੂੰ ਵੀ ਕਿਹਾ ਹੈ ਕਿ ਜੇਕਰ ਉਹ ਸੀਟ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਦਾ ਉਮੀਦਵਾਰ ਬਣਨ। ਇਸੇ ਤਰ੍ਹਾਂ ਅਜੀਤ ਪਵਾਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪਾਰਟੀ ਸਤਾਰਾ ਲੋਕ ਸਭਾ ਸੀਟ ਤੋਂ ਚੋਣ ਲੜੇਗੀ, ਜਿਸ ਦੀ ਨੁਮਾਇੰਦਗੀ ਇਸ ਵੇਲੇ ਐੱਨ.ਸੀ.ਪੀ. (ਸ਼ਰਦ ਪਵਾਰ ਧੜੇ) ਦੇ ਸ੍ਰੀਨਿਵਾਸ ਪਾਟਿਲ ਕਰ ਰਹੇ ਹਨ। ਪਿਛਲੀ ਵਾਰ ਪਾਟਿਲ ਨੇ ਭਾਜਪਾ ਦੇ ਉਦਯਨਰਾਜੇ ਭੋਸਲੇ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ : ਅਨਾਜ ਮੰਡੀਆਂ ਨੂੰ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਦਾ ਅਹਿਮ ਐਲਾਨ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News