ਭਾਜਪਾ ਹਰਿਆਣਾ ਅਤੇ ਹੋਰ 2 ਸੂਬਿਆਂ ’ਚ RSS ਨਾਲ ਮਿਲ ਕੇ ਕਰੇਗੀ ਕੰਮ

Friday, Aug 02, 2024 - 10:42 AM (IST)

ਨਵੀਂ ਦਿੱਲੀ- ਸਾਰੀਆਂ ਅਟਕਲਾਂ ਨੂੰ ਖਤਮ ਕਰਦੇ ਹੋਏ, ਆਰ.ਐੱਸ.ਐੱਸ. ਅਤੇ ਭਾਜਪਾ ਲੀਡਰਸ਼ਿਪ ਨੇ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਚ ਜਿੱਤ ਦੀ ਰਣਨੀਤੀ ਤਿਆਰ ਕਰਨ ਲਈ ਮੈਰਾਥਨ ਮੀਟਿੰਗਾਂ ਕੀਤੀਆਂ, ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਝਾਰਖੰਡ ਨੂੰ ਛੱਡ ਕੇ ਭਾਜਪਾ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਗੰਭੀਰ ਝਟਕਾ ਲੱਗਾ ਹੈ। ਜੇਕਰ ਭਾਜਪਾ ਮਹਾਰਾਸ਼ਟਰ ਅਤੇ ਹਰਿਆਣਾ ’ਚ ਨਹੀਂ ਜਿੱਤਦੀ ਹੈ, ਤਾਂ ਸੱਤਾਧਾਰੀ ਸਰਕਾਰ ਲਈ ਇਸਦੇ ਗੰਭੀਰ ਸਿਆਸੀ ਨਤੀਜੇ ਹੋ ਸਕਦੇ ਹਨ। ਲੋਕ ਸਭਾ ਚੋਣਾਂ ਵਿਚ ਖਰਾਬ ਪ੍ਰਦਰਸ਼ਨ ਦਾ ਇਕ ਕਾਰਨ ਜ਼ਮੀਨੀ ਪੱਧਰ ’ਤੇ ਆਰ. ਐੱਸ. ਐੱਸ. ਅਤੇ ਭਾਜਪਾ ਵਰਕਰਾਂ ਵਿਚਾਲੇ ਘੱਟ ਤਾਲਮੇਲ ਸੀ। ਹੁਣ ਕੋਸ਼ਿਸ਼ ਹੈ ਕਿ ਬੂਥ ਤੋਂ ਲੈ ਕੇ ਸਿਖਰ ਤੱਕ ਹਰ ਪੱਧਰ ’ਤੇ ਬਿਹਤਰ ਤਾਲਮੇਲ ਸਥਾਪਤ ਕੀਤਾ ਜਾਵੇ। ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ-ਵਟਾਂਦਰਾ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਮੁੱਖ ਮੰਤਰੀ ਨਾਇਬ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਰਾਜ ਲਈ ਭਾਜਪਾ ਦੇ ਚੋਣ ਇੰਚਾਰਜ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਸੂਬਾ ਇੰਚਾਰਜ ਬਿਪਲਬ ਦੇਬ ਅਤੇ ਹੋਰ ਸ਼ਾਮਲ ਹੋਏ।

ਆਰ. ਐੱਸ. ਐੱਸ. ਦੀ ਪ੍ਰਤੀਨਿਧਤਾ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਨੇ ਕੀਤੀ, ਜੋ ਭਾਜਪਾ ਨਾਲ ਸਿਆਸੀ ਤਾਲਮੇਲ ਨੂੰ ਸਮਰਪਿਤ ਹੈ। ਮੀਟਿੰਗ ਵਿਚ ਆਰ. ਐੱਸ. ਐੱਸ. ਦੀ ਹਰਿਆਣਾ ਇਕਾਈ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ ਸੀ। ਭਾਜਪਾ ਨੇ 2014 ਅਤੇ 2019 ਦੀਆਂ ਸਾਰੀਆਂ 10 ਸੀਟਾਂ ਦੇ ਮੁਕਾਬਲੇ 2024 ਵਿਚ 10 ਵਿਚੋਂ ਸਿਰਫ਼ 5 ਸੀਟਾਂ ਜਿੱਤੀਆਂ ਸਨ। ਬਾਅਦ ਵਿਚ, ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਝਾਰਖੰਡ ਦੇ ਸਹਿ-ਇੰਚਾਰਜ ਅਰੁਣ ਕੁਮਾਰ ਨਾਲ ਮੁਲਾਕਾਤ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਅਤੇ ਸੂਬਾ ਇੰਚਾਰਜ ਸ਼ਿਵਰਾਜ ਸਿੰਘ ਚੌਹਾਨ ਮੀਟਿੰਗ ਵਿਚ ਨਹੀਂ ਪਹੁੰਚ ਸਕੇ। ਉਹ ਅਗਲੇ ਹਫ਼ਤੇ ਮੀਟਿੰਗਾਂ ਦੇ ਦੂਜੇ ਦੌਰ ਵਿਚ ਹਿੱਸਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਮਹਾਰਾਸ਼ਟਰ ਨੂੰ ਲੈ ਕੇ ਹੋਈ ਸੀ, ਜਿੱਥੇ ਆਰ.ਐੱਸ.ਐੱਸ. ਨੇ ਐੱਨ.ਸੀ.ਪੀ. ਨੇਤਾ ਅਜੀਤ ਪਵਾਰ ਨਾਲ ਗੱਠਜੋੜ ਅਤੇ ਸ਼ਰਮਨਾਕ ਸਥਿਤੀ ਤੋਂ ਉਭਰਨ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News