ਗੁਜਰਾਤ ’ਚ ਇਤਿਹਾਸਕ ਜਿੱਤ ਪਿੱਛੋਂ ਰਾਜ ਸਭਾ ’ਚ ਹੋਰ ਮਜ਼ਬੂਤ ਹੋ ਜਾਏਗੀ ਭਾਜਪਾ
Saturday, Dec 10, 2022 - 12:15 PM (IST)
ਜਲੰਧਰ, ਨੈਸ਼ਨਲ ਡੈਸਕ (ਵਿਸ਼ੇਸ਼)– ਗੁਜਰਾਤ ਅਤੇ ਹਿਮਾਚਲ ਦੇ ਚੋਣ ਨਤੀਜਿਆਂ ਪਿਛੋਂ ਭਾਜਪਾ ਅਤੇ ਕਾਂਗਰਸ ਨੇ ਨਵੀਆਂ ਸਰਕਾਰਾਂ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇ ਇੱਕ ਰਿਕਾਰਡ ਬਣਾਇਆ ਹੈ। ਪਾਰਟੀ ਨੇ ਗੁਜਰਾਤ ਵਿੱਚ ਪਹਿਲੀ ਵਾਰ 156 ਸੀਟਾਂ ਜਿੱਤੀਆਂ ਹਨ ਤੇ ਉਹ ਲਗਾਤਾਰ 7ਵੀਂ ਵਾਰ ਸੱਤਾ ਵਿੱਚ ਆਈ ਹੈ।
ਵੈਸੇ ਤਾਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾਵਾਂ ਦੇ ਨਤੀਜਿਆਂ ਦਾ ਰਾਜ ਸਭਾ ਦੀ ਪਾਰਟੀ-ਵਾਰ ਸਥਿਤੀ ’ਤੇ ਤੁਰੰਤ ਅਸਰ ਨਹੀਂ ਪਵੇਗਾ ਪਰ ਆਉਣ ਵਾਲੇ ਸਮੇ ’ਚ ਵੱਡਾ ਅਸਰ ਦੇਖਣ ਨੂੰ ਮਿਲੇਗਾ। ਗੁਜਰਾਤ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਦਾ ਸਿੱਧਾ ਮਤਲਬ ਰਾਜ ਸਭਾ ਵਿੱਚ ਪਾਰਟੀ ਲਈ ਇੱਕ ਹੋਰ ਰਿਕਾਰਡ ਹੋਵੇਗਾ। ਇਹ ਉਹ ਸਮਾਂ ਹੋਵੇਗਾ ਜਦੋਂ ਗੁਜਰਾਤ ਦੀਆਂ ਸਾਰੀਆਂ ਰਾਜ ਸਭਾ ਸੀਟਾਂ ਭਾਜਪਾ ਕੋਲ ਹੋਣਗੀਆਂ। ਇਸ ਵੇਲੇ ਗੁਜਰਾਤ ਤੋਂ ਰਾਜ ਸਭਾ ਵਿੱਚ ਭਾਜਪਾ ਦੇ 8 ਅਤੇ ਕਾਂਗਰਸ ਦੇ 3 ਮੈਂਬਰ ਹਨ। ਅਗਲੇ ਸਾਲ ਅਗਸਤ ’ਚ ਅਸਾਮੀਆਂ ਖਾਲੀ ਹੋਣ ’ਤੇ ਭਾਜਪਾ ਸੂਬੇ ਤੋਂ ਆਪਣੀਆਂ ਤਿੰਨ ਸੀਟਾਂ ਬਰਕਰਾਰ ਰੱਖੇਗੀ। ਕਾਂਗਰਸ ਨੂੰ ਅਗਲੇ ਪੰਜ ਸਾਲਾਂ ਵਿੱਚ ਗੁਜਰਾਤ ਤੋਂ ਇੱਕ ਵੀ ਰਾਜ ਸਭਾ ਮੈਂਬਰ ਨਹੀਂ ਮਿਲੇਗਾ।
ਭਾਜਪਾ ਅਪ੍ਰੈਲ 2024 ਵਿੱਚ ਰਾਜ ਸਭਾ ਦੀਆਂ ਚੋਣਾਂ ਵਿੱਚ 4 ਵਿੱਚੋਂ 2 ਵਾਧੂ ਸੀਟਾਂ ਜਿੱਤੇਗੀ । ਜੂਨ 2026 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ 4 ਹੋਰ ਸੀਟਾਂ ਵਿੱਚੋਂ ਇੱਕ ਜਿੱਤੇਗੀ। ਇਸ ਨਾਲ ਇਸ ਦੇ ਮੈਂਬਰਾਂ ਦੀ ਗਿਣਤੀ 11 ਹੋ ਜਾਵੇਗੀ।
ਹਿਮਾਚਲ ਵਿੱਚ ਭਾਜਪਾ ਕੋਲ 3 ਸੀਟਾਂ
ਦੂਜੇ ਪਾਸੇ ਹਿਮਾਚਲ ਵਿੱਚ ਕਾਂਗਰਸ ਦੀ ਵਿਧਾਨ ਸਭਾ ਦੀ ਤਾਕਤ ਪਾਰਟੀ ਨੂੰ ਅਪ੍ਰੈਲ 2024 ਵਿੱਚ ਰਾਜ ਸਭਾ ਦੀਆਂ ਸੀਟਾਂ ਵਿੱਚੋਂ ਇੱਕ ਜਿੱਤਣ ਦੀ ਇਜਾਜ਼ਤ ਦੇਵੇਗੀ ਤੇ ਦੂਜੀ ਦੋ ਸਾਲ ਬਾਅਦ। ਇਸ ਸਮੇ ਉੱਚ ਸਦਨ ਵਿੱਚ ਹਿਮਾਚਲ ਪ੍ਰਦੇਸ਼ ਦੇ ਸਾਰੇ 3 ਮੈਂਬਰ ਭਾਜਪਾ ਦੇ ਹਨ। ਇਨ੍ਹਾਂ ਵਿੱਚ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਵੀ ਹਨ ਜੋ ਅਪ੍ਰੈਲ 2024 ਵਿੱਚ ਸੇਵਾਮੁਕਤ ਹੋਣਗੇ। ਰਾਜ ਦੀ ਤੀਜੀ ਸੀਟ ਦੀ ਕਿਸਮਤ ਦਾ ਫੈਸਲਾ ਅਗਲੀ ਵਿਧਾਨ ਸਭਾ ਵਲੋਂ ਹੀ ਕੀਤਾ ਜਾਵੇਗਾ ਕਿਉਂਕਿ ਇਹ 2028 ਵਿੱਚ ਖਾਲੀ ਹੋ ਜਾਵੇਗੀ।
2024 ’ਚ ਰਾਜ ਸਭਾ ’ਚ ਹੋਵੇਗੀ ਵੱਡੀ ਤਬਦੀਲੀ
ਰਾਜ ਸਭਾ ਦੀ ਸਮੁੱਚੀ ਪ੍ਰਣਾਲੀ ਅਗਲੇ ਸਾਲ ਤੱਕ ਪ੍ਰਭਾਵੀ ਢੰਗ ਨਾਲ ਨਹੀਂ ਬਦਲੇਗੀ ਕਿਉਂਕਿ ਉਦੋਂ ਮੈਂਬਰਾਂ ਦੇ ਸੇਵਾਮੁਕਤ ਹੋਣ ਕਾਰਨ ਸਿਰਫ਼ 10 ਸੀਟਾਂ ਹੀ ਖਾਲੀ ਹੋਣਗੀਆਂ। ਵੱਡੀ ਤਬਦੀਲੀ ਦੀ ਉਮੀਦ ਅਪ੍ਰੈਲ 2024 ’ਚ ਹੀ ਹੈ। ਉਦੋਂ ਰਾਜ ਸਭਾ ਦੀਆਂ ਚੋਣਾਂ ’ਚ 56 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਸਮੇ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ 239 ਹੈ, ਕਿਉਂਕਿ 245 ਦੇ ਹਾਊਸ ਵਿੱਚ 6 ਸੀਟਾਂ ਖਾਲੀ ਹਨ। ਇਨ੍ਹਾਂ ’ਚੋਂ 4 ਜੰਮੂ-ਕਸ਼ਮੀਰ ਦੀਆਂ ਅਤੇ ਦੋ ਨਾਮਜ਼ਦ ਦੀਆਂ ਖਾਲੀ ਹਨ। ਭਾਜਪਾ 92 ਮੈਂਬਰਾਂ ਨਾਲ ਰਾਜ ਸਭਾ ’ਚ ਸਭ ਤੋਂ ਵੱਡੀ ਪਾਰਟੀ ਹੈ। ਇਸ ਤੋਂ ਬਾਅਦ ਕਾਂਗਰਸ ਦੇ 31, ਟੀ. ਐੱਮ. ਸੀ. ਦੇ 13 ਅਤੇ ਡੀ. ਐੱਮ. ਕੇ. ਤੇ ਆਮ ਆਦਮੀ ਪਾਰਟੀ ਦੇ 10-10 ਮੈਂਬਰ ਹਨ।