ਬੱਚਿਆਂ ਨੂੰ ਮਾਂ ਦੀ ਜਾਤੀ ''ਤੇ ਸਰਟੀਫਿਕੇਟ ਦੇਣ ਦੀ ਸੰਭਾਵਨਾ ਘੋਖੇ ਸਰਕਾਰ: ਸੁਪਰੀਮ ਕੋਰਟ

Saturday, Nov 28, 2026 - 01:48 AM (IST)

ਬੱਚਿਆਂ ਨੂੰ ਮਾਂ ਦੀ ਜਾਤੀ ''ਤੇ ਸਰਟੀਫਿਕੇਟ ਦੇਣ ਦੀ ਸੰਭਾਵਨਾ ਘੋਖੇ ਸਰਕਾਰ: ਸੁਪਰੀਮ ਕੋਰਟ

ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤਲਾਕ, ਤਿਆਗੇ ਜਾਣ, ਗੋਦ ਲੈਣ ਅਤੇ ਇਕੱਲੀ ਮਾਂ ਨਾਲ ਜੁੜੇ ਮਾਮਲਿਆਂ ਵਿਚ, ਬੱਚਿਆਂ ਨੂੰ ਉਨ੍ਹਾਂ ਦੀ ਮਾਂ ਦੀ ਜਾਤੀ ਦੇ ਆਧਾਰ ’ਤੇ ਜਾਤੀ ਸਰਟੀਫਿਕੇਟ ਜਾਰੀ ਕਰਨ ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਸੰਭਾਵਨਾ ’ਤੇ ਵਿਚਾਰ ਕਰੇ। ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਇਹ ਮੁੱਦਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਮਾਮਲਿਆਂ ਵਿਚ ਅਹਿਮ ਹੋ ਜਾਂਦਾ ਹੈ, ਜਿੱਥੇ ਬੱਚੇ ਦੀ ਸਰਪ੍ਰਸਤੀ ਮਾਂ ਕੋਲ ਹੁੰਦੀ ਹੈ।

ਬੈਂਚ ਨੇ ਇਸ ਗੱਲ ’ਤੇ ਵੀ ਵਿਚਾਰ ਕੀਤਾ ਕਿ ਕੀ ਬੱਚੇ ਦੀ ਜਾਤੀ ਉਸ ਦੇ ਪਿਤਾ ਦੀ ਜਾਤੀ ਦੇ ਆਧਾਰ ’ਤੇ ਤੈਅ ਕਰਨ ਦੇ ਸਥਾਪਿਤ ਸਿਧਾਂਤ ਵਿਚ ਕੋਈ ਅਪਵਾਦ ਕੱਢਿਆ ਜਾ ਸਕਦਾ ਹੈ ਅਤੇ ਅਜਿਹਾ ਕਰਦੇ ਸਮੇਂ ਜਾਤੀ-ਆਧਾਰਿਤ ਰਾਖਵੇਂਕਰਨ ਅਤੇ ਪ੍ਰਵਾਸ ਨਾਲ ਜੁੜੇ ਸੰਵਿਧਾਨ ਬੈਂਚ ਦੇ ਫ਼ੈਸਲਿਆਂ ਵਿਚ ਤੈਅ ਕੀਤੇ ਗਏ ਸਿਧਾਂਤਾਂ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ। ਬੈਂਚ ਨੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਅਟਾਰਨੀ ਜਨਰਲ ਆਰ. ਵੈਂਕਟਰਮਣੀ ਨੂੰ ਕਿਹਾ ਕਿ ਇਸ ਸੰਭਾਵਨਾ ’ਤੇ ਵਿਚਾਰ ਕਰੇ।

ਅਦਾਲਤ ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਉਹ ਇਸ ਨਾਲ ਜੁੜੇ ਕਾਨੂੰਨੀ ਅਤੇ ਸੰਵਿਧਾਨਕ ਸਵਾਲਾਂ ਨੂੰ ਸੁਲਝਾਉਣ ਵਿਚ ਮਦਦ ਕਰਨ। ਬੈਂਚ ਨੇ ਇੱਕੋ ਜਾਤੀ ਦੇ ਮਾਪਿਆਂ ਨਾਲ ਜੁੜੇ ਮਾਮਲਿਆਂ ਨੂੰ ਅੰਤਰ-ਜਾਤੀ ਵਿਆਹਾਂ ਨਾਲ ਜੁੜੇ ਮਾਮਲਿਆਂ ਤੋਂ ਵੱਖ ਕਰਨ ਤੋਂ ਇਨਕਾਰ ਕਰ ਦਿੱਤਾ।


author

Inder Prajapati

Content Editor

Related News