FIFA ''ਤੇ ਵੱਡਾ ਸਾਈਬਰ ਹਮਲਾ: ਹੈਕਰਾਂ ਨੇ 12GB ਤੋਂ ਵੱਧ ਡਾਟਾ ਚੋਰੀ ਕਰਨ ਦਾ ਕੀਤਾ ਦਾਅਵਾ
Thursday, Nov 26, 2026 - 10:27 PM (IST)
ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਫੁੱਟਬਾਲ ਸੰਸਥਾ ਫੀਫਾ (FIFA) ਸਾਈਬਰ ਹਮਲੇ ਦੀ ਲਪੇਟ ਵਿੱਚ ਆ ਗਈ ਹੈ। ਸਾਈਬਰ ਹੈਕਰਜ਼ ਨੇ ਸੰਸਥਾ ਦੇ ਅੰਦਰੂਨੀ ਸਿਸਟਮ ਤੱਕ ਪਹੁੰਚ ਬਣਾ ਕੇ 12GB ਤੋਂ ਵੱਧ ਗੁਪਤ ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਦੀ ਪੁਸ਼ਟੀ ਖ਼ੁਦ ਫੀਫਾ ਵੱਲੋਂ ਕੀਤੀ ਗਈ ਹੈ। ਦੂਜੇ ਪਾਸੇ 'Handsome Boy Hacking Club' (HBHC) ਨਾਮ ਦੇ ਹੈਕਿੰਗ ਗਰੁੱਪ ਨੇ ਇਸ ਸਾਈਬਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹੈਕਰਜ਼ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' (X) 'ਤੇ ਫੀਫਾ ਨਾਲ ਜੁੜੀਆਂ ਕੁਝ ਫਾਈਲਾਂ ਦੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਹਨ। ਹੈਕਰ ਗਰੁੱਪ ਦਾ ਦਾਅਵਾ ਹੈ ਕਿ ਚੋਰੀ ਕੀਤੇ ਗਏ ਡਾਟਾ ਵਿੱਚ ਪਛਾਣ ਪੱਤਰ, ਇਮੀਗ੍ਰੇਸ਼ਨ ਨਾਲ ਜੁੜੇ ਦਸਤਾਵੇਜ਼, ਅਧਿਕਾਰੀਆਂ ਦੇ ਵੇਰਵੇ, ਵਿੱਤੀ ਰਿਕਾਰਡ ਅਤੇ ਕਾਨੂੰਨੀ ਦਸਤਾਵੇਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਅੰਦਰੂਨੀ ਕੰਮਕਾਜ ਅਤੇ ਪ੍ਰਸ਼ਾਸਨ ਨਾਲ ਸਬੰਧਤ ਰਿਕਾਰਡ ਦੇ ਸਕਰੀਨਸ਼ਾਟ ਵੀ ਉਡਾਉਣ ਦੀ ਗੱਲ ਕਹੀ ਗਈ ਹੈ।
ਫੀਫਾ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੈਕਰਾਂ ਨੇ ਸੀਮਤ ਮਾਤਰਾ ਵਿੱਚ ਨਿੱਜੀ ਅਤੇ ਕਾਰੋਬਾਰੀ ਜਾਣਕਾਰੀ ਤੱਕ ਪਹੁੰਚ ਬਣਾਈ ਹੈ, ਹਾਲਾਂਕਿ ਇਹ ਹਮਲਾ ਕਦੋਂ ਹੋਇਆ ਅਤੇ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਇਸ ਬਾਰੇ ਅਜੇ ਵੇਰਵਾ ਜਾਰੀ ਨਹੀਂ ਕੀਤਾ ਗਿਆ। ਰਿਪੋਰਟਾਂ ਅਨੁਸਾਰ ਹੈਕਰਾਂ ਨੇ ਸਿਸਟਮ ਵਿੱਚ ਕਿਸੇ ਤਕਨੀਕੀ ਖਾਮੀ ਦੀ ਬਜਾਏ ਫੀਫਾ ਕਰਮਚਾਰੀਆਂ ਦੀ ਪਛਾਣ ਦੀ ਗ਼ਲਤ ਵਰਤੋਂ ਕਰਕੇ ਅੰਦਰੂਨੀ ਜਾਣਕਾਰੀ ਹਾਸਲ ਕੀਤੀ। ਫੀਫਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੋਰੀ ਹੋਇਆ ਡਾਟਾ ਕੁੱਲ ਜਾਣਕਾਰੀ ਦਾ 0.1 ਫ਼ੀਸਦੀ ਤੋਂ ਵੀ ਘੱਟ ਹੈ ਅਤੇ ਇਸ ਵਿੱਚ ਬੰਦ ਹੋ ਚੁੱਕੇ 'FIFA Forward Enterprise' (FFE) ਪ੍ਰਸਤਾਵ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਨਹੀਂ ਹਨ।
ਫੀਫਾ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਾਟਾ ਲੀਕ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲੀਆ ਸਮੇਂ ਵਿੱਚ ਕਈ ਹੋਰ ਫੁੱਟਬਾਲ ਸੰਸਥਾਵਾਂ ਵੀ ਅਜਿਹੇ ਹਮਲਿਆਂ ਦਾ ਸਾਹਮਣਾ ਕਰ ਚੁੱਕੀਆਂ ਹਨ—ਨਵੰਬਰ ਦੀ ਸ਼ੁਰੂਆਤ ਵਿੱਚ ਸਪੇਨ ਦੀ ਫੁੱਟਬਾਲ ਲੀਗ 'ਲਾ ਲੀਗਾ' (La Liga) ਦੇ ਡਿਜੀਟਲ ਪਲੇਟਫ਼ਾਰਮ ਅਤੇ ਜੁਲਾਈ ਵਿੱਚ ਅਰਜਨਟੀਨਾ ਫੁੱਟਬਾਲ ਮਹਾਸੰਘ (AFA) ਦੇ ਈਮੇਲ ਲੀਕ ਮਾਮਲੇ ਵਿੱਚ ਵੀ ਸਾਈਬਰ ਹਮਲੇ ਦੀ ਜਾਂਚ ਸਾਹਮਣੇ ਆਈ ਸੀ।
