IRCTC ਘਪਲਾ : ਲਾਲੂ, ਰਾਬੜੀ ਤੇ ਤੇਜਸਵੀ ਨੂੰ ਝਟਕਾ! ਦਿੱਲੀ ਹਾਈ ਕੋਰਟ ਤੋਂ ਪਟੀਸ਼ਨ ਖਾਰਿਜ
Thursday, Nov 26, 2026 - 08:36 PM (IST)
ਨਵੀਂ ਦਿੱਲੀ (ਏਜੰਸੀ)- ਆਈ. ਆਰ. ਸੀ. ਟੀ. ਸੀ. ਘਪਲਾ ਮਾਮਲੇ ’ਚ ਦੋਸ਼ ਤੈਅ ਕਰਨ ਦੇ ਟਰਾਇਲ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸਾਬਕਾ ਰੇਲ ਮੰਤਰੀ ਲਾਲੂ ਯਾਦਵ, ਰਾਬੜੀ ਦੇਵੀ, ਤੇਜਸਵੀ ਯਾਦਵ, ਪ੍ਰੇਮਚੰਦ ਗੁਪਤਾ, ਰਾਕੇਸ਼ ਸਕਸੈਨਾ, ਵਿਨੋਦ ਕੁਮਾਰ ਅਸਥਾਨਾ, ਭੂਪੇਂਦਰ ਕੁਮਾਰ ਅਗਰਵਾਲ, ਸਰਲਾ ਗੁਪਤਾ, ਲਾਰਾ ਪ੍ਰਾਜੈਕਟਸ ਐੱਲ. ਐੱਲ. ਪੀ., ਪ੍ਰਦੀਪ ਕੁਮਾਰ ਗੋਇਲ, ਰਾਕੇਸ਼ ਕੁਮਾਰ ਗੋਗੀਆ ਅਤੇ ਸੁਜਾਤਾ ਹੋਟਲ ਪ੍ਰਾਈਵੇਟ ਲਿਮਟਿਡ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ ਹੈ।
ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਸਾਰੀਆਂ ਪਟੀਸ਼ਨਾਂ ਖਾਰਿਜ ਕੀਤੀਆਂ ਜਾਂਦੀਆਂ ਹਨ। ਦੋਸ਼ ਤੈਅ ਕਰਨ ਦਾ ਹੁਕਮ ਬਰਕਰਾਰ ਰੱਖਿਆ ਜਾਂਦਾ ਹੈ।’’ ਹੇਠਲੀ ਅਦਾਲਤ ਨੇ 13 ਅਕਤੂਬਰ 2025 ਨੂੰ ਮੁਲਜ਼ਮਾਂ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਪੁੱਤਰ ਤੇਜਸਵੀ ਯਾਦਵ ਅਤੇ 11 ਹੋਰ ਲੋਕਾਂ ਖਿਲਾਫ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਧਾਰਾਵਾਂ ਤਹਿਤ ਧੋਖਾਦੇਹੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਕਥਿਤ ਅਪਰਾਧਾਂ ਲਈ ਦੋਸ਼ ਤੈਅ ਕੀਤੇ ਸਨ। ਸਾਬਕਾ ਰੇਲ ਮੰਤਰੀ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਇਹ ਮਾਮਲਾ ਇਕ ਨਿੱਜੀ ਕੰਪਨੀ ਨੂੰ ਭਾਰਤੀ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੇ 2 ਹੋਟਲਾਂ ਦੇ ਸੰਚਾਲਨ ਦਾ ਠੇਕਾ ਦੇਣ ’ਚ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੋਇਆ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਇਸ ਮਾਮਲੇ ’ਚ ਦਾਖਲ ਚਾਰਜਸ਼ੀਟ ਅਨੁਸਾਰ 2004 ਤੋਂ 2014 ਦਰਮਿਆਨ ਕਥਿਤ ਤੌਰ ’ਤੇ ਸਾਜ਼ਿਸ਼ ਰਚੀ ਗਈ ਸੀ। ਇਸ ਤਹਿਤ ਭਾਰਤੀ ਰੇਲਵੇ ਦੇ ਪੁਰੀ ਅਤੇ ਰਾਂਚੀ ਸਥਿਤ ਬੀ. ਐੱਨ. ਆਰ. ਹੋਟਲਾਂ ਨੂੰ ਪਹਿਲਾਂ ਆਈ. ਆਰ. ਸੀ. ਟੀ. ਸੀ. ਨੂੰ ਤਬਦੀਲ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਦੇ ਸੰਚਾਲਨ, ਰੱਖ-ਰਖਾਅ ਅਤੇ ਦੇਖ-ਰੇਖ ਲਈ ਪਟਨਾ (ਬਿਹਾਰ) ਸਥਿਤ ਸੁਜਾਤਾ ਹੋਟਲਜ਼ ਪ੍ਰਾਈਵੇਟ ਲਿਮਟਿਡ ਨੂੰ ਲੀਜ਼ ’ਤੇ ਦੇ ਦਿੱਤਾ ਗਿਆ।
