ਕਿਸਾਨਾਂ ਲਈ ''ਯਮਰਾਜ'' ਬਣ ਗਈ ਹੈ ਭਾਜਪਾ ਪਾਰਟੀ- ਰਾਜ ਬੱਬਰ

Wednesday, Jun 14, 2017 - 04:01 PM (IST)

ਕਿਸਾਨਾਂ ਲਈ ''ਯਮਰਾਜ'' ਬਣ ਗਈ ਹੈ ਭਾਜਪਾ ਪਾਰਟੀ- ਰਾਜ ਬੱਬਰ

ਨਵੀਂ ਦਿੱਲੀ— ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਉਸ ਜਨਤਾ ਨੂੰ ਧੋਖਾ ਦਿੱਤਾ ਹੈ, ਜਿਸ ਨੇ ਉਸ ਨੂੰ ਬਹੁਮਤ ਦੇ ਕੇ ਸੱਤਾ ਸੌਂਪੀ ਹੈ ਅਤੇ ਉਸ ਦੀ ਸਰਕਾਰ ਵਿਸ਼ੇਸ਼ ਰੂਪ ਨਾਲ ਕਿਸਾਨਾਂ ਲਈ 'ਯਮਰਾਜ' ਬਣ ਗਈ ਹੈ, ਇਸ ਲਈ ਕਾਂਗਰਸ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਦੇਸ਼ ਭਰ 'ਚ 'ਹੱਕ ਮੰਗੋ ਮੁਹਿੰਮ' ਸ਼ੁਰੂ ਕਰੇਗੀ। ਕਾਂਗਰਸ ਦੇ ਸੀਨੀਅਰ ਬੁਲਾਰੇ ਰਾਜ ਬੱਬਰ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪੂਰੇ ਦੇਸ਼ 'ਚ ਕਿਸਾਨ ਦੀ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਕਿਸਾਨ ਆਪਣੇ ਹੱਕ ਦੀ ਮੰਗ ਕਰ ਰਿਹਾ ਹੈ ਪਰ ਭਾਜਪਾ ਸਰਕਾਰ ਉਸ ਦਾ ਦਮਨ ਕਰ ਰਹੀ ਹੈ। ਮੱਧ ਪ੍ਰਦੇਸ਼ ਦੀ ਜਨਤਾ ਨੇ ਜਿਸ ਭਾਜਪਾ ਨੂੰ ਡੇਢ ਦਹਾਕੇ ਤੱਕ ਸੱਤਾ ਦੀ ਵਾਗਡੋਰ ਸੌਂਪੀ, ਉਸੇ ਦੀ ਸਰਕਾਰ ਹੱਕ ਮੰਗ ਰਹੇ ਕਿਸਾਨਾਂ 'ਤੇ ਗੋਲੀਆਂ ਦਾਗ਼ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ 'ਚ ਕਾਂਗਰਸ ਉਨ੍ਹਾਂ ਨਾਲ ਹੈ। ਭਾਜਪਾ ਦੇ ਸ਼ਾਸਨ ਵਾਲੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ 'ਚ ਕਿਸਾਨਾਂ ਦਾ ਦਮਨ ਕੀਤਾ ਜਾ ਰਿਹਾ ਹੈ, ਇਸ ਲਈ ਪਾਰਟੀ ਪੂਰੇ ਦੇਸ਼ 'ਚ ਕਿਸਾਨਾਂ ਦੇ ਹੱਕ ਦੀ ਲੜਾਈ ਲੜੇਗੀ ਅਤੇ ਇਸ ਲਈ 'ਹੱਕ ਮੰਗੋ ਮੁਹਿੰਮ' ਸ਼ੁਰੂ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਮੋਦੀ ਸਰਕਾਰ ਨੂੰ 'ਸੂਟ-ਬੂਟ ਅਤੇ ਬੈਂਡ ਬਾਜ਼ਾ' ਦੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਉਸ ਦੀਆਂ ਗਲਤ ਨੀਤੀਆਂ ਦਾ ਮੁਕਾਬਲਾ ਕਰੇਗਾ। ਉਨ੍ਹਾਂ ਨੇ ਭਾਜਪਾ 'ਤੇ ਸਮਾਜ ਨੂੰ ਵੰਡਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਗਾਂਧੀ ਦਾ ਵਿਚਾਰ ਜਦੋਂ ਤੱਕ ਜ਼ਿੰਦਾ ਰਹੇਗਾ, ਦੇਸ਼ 'ਚ ਵੰਡ ਦੀ ਸਿਆਸਤ ਕਮਜ਼ੋਰ ਹੀ ਰਹੇਗੀ।


Related News