ਭਾਜਪਾ ਦੀ ਸਰਕਾਰ ਆਈ ਤਾਂ ਕਾਂਗਰਸ ਦੇ ਸਾਰੇ ਕੰਮ ਖ਼ਤਮ ਕਰ ਦੇਵੇਗੀ: ਰਾਹੁਲ ਗਾਂਧੀ
Thursday, Nov 16, 2023 - 03:50 PM (IST)
ਜੈਪੁਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਸੂਬੇ 'ਚ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਮੌਜੂਦਾ ਕਾਂਗਰਸ ਸਰਕਾਰ ਦੇ ਸਾਰੇ ਕੰਮਾਂ ਨੂੰ ਖਤਮ ਕਰ ਦੇਵੇਗੀ। ਇਸ ਦੇ ਨਾਲ ਹੀ ਰਾਹੁਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੋ ਕੰਮ ਅਸੀਂ ਜਨਤਾ ਲਈ ਸ਼ੁਰੂ ਕੀਤਾ ਹੈ, ਉਸ ਨੂੰ ਦੁੱਗਣੀ ਰਫ਼ਤਾਰ ਨਾਲ ਕਰਾਂਗੇ। ਰਾਹੁਲ ਰਾਜਸਥਾਨ ਦੇ ਤਾਰਾਨਗਰ (ਚੁਰੂ) ਵਿਚ ਕਾਂਗਰਸ ਗਰੰਟੀ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ।
ਰਾਹੁਲ ਨੇ ਕਿਹਾ ਕਿ ਸੂਬੇ 'ਚ ਭਾਜਪਾ ਦੀ ਸਰਕਾਰ ਆਵੇਗੀ ਤਾਂ ਜੋ ਵੀ ਅਸੀਂ ਤੁਹਾਡੇ ਲਈ ਕੀਤਾ ਹੈ, ਚਾਹੇ ਉਹ ਪੈਨਸ਼ਨ ਯੋਜਨਾ ਹੋਵੇ ਜਾਂ ਸਿਹਤ ਯੋਜਨਾ ਜਾਂ 500 ਰੁਪਏ 'ਚ ਗੈਸ ਸਿਲੰਡਰ ਹੋਵੇ। ਭਾਜਪਾ ਸਭ ਖ਼ਤਮ ਕਰ ਦੇਵੇਗੀ ਅਤੇ ਇਕ ਵਾਰ ਫਿਰ ਅਰਬਪਤੀਆਂ ਦੀ ਮਦਦ ਕਰਨਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਵੋਟ ਦਿੱਤੀ ਤਾਂ ਗਰੀਬਾਂ ਨੂੰ ਫਾਇਦਾ ਹੋਵੇਗਾ, ਕਿਸਾਨਾਂ ਦਾ ਫਾਇਦਾ ਹੋਵੇਗਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ, ਛੋਟੇ ਕਾਰੋਬਾਰੀਆਂ ਦਾ ਫਾਇਦਾ ਹੋਵੇਗਾ। ਇਹ ਫ਼ੈਸਲਾ ਤੁਹਾਨੂੰ ਕਰਨਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਮੋਦੀ ਦੀ ਗਰੰਟੀ' ਦਾ ਮਤਲਬ ਅਡਾਨੀ ਦੀ ਗਰੰਟੀ। ਕਾਂਗਰਸ ਦਾ ਮਤਲਬ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀ ਸਰਕਾਰ... ਇਹ ਫਰਕ ਹੈ। ਇਹ ਤੁਹਾਨੂੰ ਫ਼ੈਸਲਾ ਕਰਨਾ ਹੈ। ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਚੋਣਾਂ ਜਿਤਾਉ।