CAA ਨਾਲ ਜੁੜੇ ਨਿਯਮਾਂ ਨੂੰ ਨੋਟੀਫਾਈ ਕਰ ਕੇ ਭਾਜਪਾ ਨੇ ਮੁਸਲਮਾਨਾਂ ਨੂੰ ਦਿੱਤਾ ਰਮਜ਼ਾਨ ਦਾ ਤੋਹਫ਼ਾ : ਉਮਰ ਅਬਦੁੱਲਾ

03/12/2024 7:36:25 PM

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਨਿਯਮਾਂ ਨੂੰ ਨੋਟੀਫਾਈ ਕਰਕੇ ਮੁਸਲਮਾਨਾਂ ਨੂੰ ਰਮਜ਼ਾਨ ਦਾ ਤੋਹਫਾ ਦਿੱਤਾ ਹੈ। ਉਮਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਸੀਏਏ ਦੇ ਨਿਯਮਾਂ ਨੂੰ ਨੋਟੀਫਾਈ ਕਰਨਾ ਇਹ ਦਰਸਾਉਂਦਾ ਹੈ ਕਿ ਭਾਜਪਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲਗਭਗ 400 ਸੀਟਾਂ ਜਿੱਤਣ ਦਾ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ,“ਇਹ ਸਾਲ 2019 ਵਿਚ ਪਾਸ ਕੀਤਾ ਗਿਆ ਸੀ ਪਰ ਚੋਣ ਬਿਗਲ ਵੱਜਣ ਤੋਂ ਕੁਝ ਦਿਨ ਪਹਿਲਾਂ ਸੀਏਏ (ਨਿਯਮਾਂ) ਨੂੰ ਸੂਚਿਤ ਕਰਨ ਨਾਲ, ਸ਼ਾਇਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਦੇਸ਼ ਕੀ ਹੈ।''

ਉਨ੍ਹਾਂ ਕਿਹਾ,''ਉਹ (ਭਾਜਪਾ) ਕਹਿ ਰਹੇ ਸਨ ਕਿ ਉਹ ਰਾਮ ਮੰਦਰ (ਨਿਰਮਾਣ) ਤੋਂ ਬਾਅਦ ਹਾਰ ਨਹੀਂ ਸਕਦੇ ਪਰ ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੈ ਅਤੇ ਇਸ ਲਈ ਉਨ੍ਹਾਂ ਨੂੰ ਇਨ੍ਹਾਂ ਨਵੇਂ ਹਥਿਆਰਾਂ ਦੀ ਵਰਤੋਂ ਕਰਨੀ ਪਈ ਹੈ।'' ਅਬਦੁੱਲਾ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਧਰਮ ਦੀ ਵਰਤੋਂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ,''ਮੁਸਲਿਮ ਹਮੇਸ਼ਾ ਭਾਜਪਾ ਦੇ ਨਿਸ਼ਾਨੇ 'ਤੇ ਰਹੇ ਹਨ, ਜੋ ਪਾਰਟੀ ਲਈ ਕੋਈ ਨਵੀਂ ਗੱਲ ਨਹੀਂ ਹੈ। CAA ਵਿਚ ਵੀ ਮੁਸਲਮਾਨਾਂ ਨੂੰ ਖਾਸ ਨਿਸ਼ਾਨਾ ਬਣਾਇਆ ਗਿਆ ਹੈ। ਭਾਜਪਾ ਲਈ ਇਹ ਕੋਈ ਨਵੀਂ ਰਾਜਨੀਤੀ ਨਹੀਂ ਹੈ, ਉਨ੍ਹਾਂ ਦਾ ਪਹਿਲਾਂ ਵੀ ਇਹੀ ਦ੍ਰਿਸ਼ਟੀਕੋਣ ਰਿਹਾ ਹੈ।'' ਇਕ ਵਿਅੰਗਾਤਮਕ ਟਿੱਪਣੀ ਵਿਚ, ਅਬਦੁੱਲਾ ਨੇ ਸੀਏਏ ਦੇ ਨਿਯਮਾਂ ਦੀ ਨੋਟੀਫਿਕੇਸ਼ਨ ਨੂੰ ਮੁਸਲਮਾਨਾਂ ਲਈ 'ਰਮਜ਼ਾਨ ਦਾ ਤੋਹਫ਼ਾ' ਕਰਾਰ ਦਿੰਦਿਆਂ ਅਫਸੋਸ ਪ੍ਰਗਟ ਕੀਤਾ।
 


DIsha

Content Editor

Related News