ਭਾਜਪਾ ਦੀ ਨਜ਼ਰ ਜੂਨ ’ਚ ਹੋਣ ਵਾਲੀਆਂ ਦੋ-ਸਾਲਾ ਚੋਣਾਂ ’ਚ 24 ਰਾਜਸਭਾ ਸੀਟਾਂ ’ਤੇ

Monday, May 18, 2026 - 11:36 PM (IST)

ਭਾਜਪਾ ਦੀ ਨਜ਼ਰ ਜੂਨ ’ਚ ਹੋਣ ਵਾਲੀਆਂ ਦੋ-ਸਾਲਾ ਚੋਣਾਂ ’ਚ 24 ਰਾਜਸਭਾ ਸੀਟਾਂ ’ਤੇ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਨੇ 10 ਸੂਬਿਆਂ ਵਿਚ ਫੈਲੀਆਂ 24 ਰਾਜਸਭਾ ਸੀਟਾਂ ਦੇ ਅਗਲੇ ਦੌਰ ’ਤੇ ਆਪਣੀਆਂ ਨਜ਼ਰਾਂ ਟਿਕਾ ਲਈਆਂ ਹਨ, ਜਿਨ੍ਹਾਂ ਲਈ ਅਗਲੇ ਮਹੀਨੇ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਅਗਲੇ ਕੁਝ ਹਫ਼ਤਿਆਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। 4 ਕੇਂਦਰੀ ਮੰਤਰੀਆਂ ਤੋਂ ਇਲਾਵਾ, ਰਵਨੀਤ ਸਿੰਘ ਬਿੱਟੂ ਅਤੇ ਜਾਰਜ ਕੁਰੀਅਨ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਦਿਗਵਿਜੇ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਵਰਗੇ ਹੋਰ ਸਿਆਸੀ ਦਿੱਗਜਾਂ ਦਾ ਕਾਰਜਕਾਲ ਵੀ ਖ਼ਤਮ ਹੋਣ ਵਾਲਾ ਹੈ।

ਜਿਨ੍ਹਾਂ 10 ਸੂਬਿਆਂ ਵਚ 24 ਰਾਜਸਭਾ ਸੀਟਾਂ ਲਈ ਦੋ-ਸਾਲਾ ਚੋਣਾਂ ਹੋਣਗੀਆਂ, ਉਨ੍ਹਾਂ ਵਿਚੋਂ 8 ਸੂਬਿਆਂ—ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ, ਅਰੁਣਾਚਲ, ਮਣੀਪੁਰ, ਮੇਘਾਲਿਆ ਅਤੇ ਮਿਜ਼ੋਰਮ ਵਿਚ ਕਰਾਸ ਵੋਟਿੰਗ ਦੀ ਗੁੰਜਾਇਸ਼ ਜ਼ਿਆਦਾ ਨਹੀਂ ਹੈ। ਜੇਕਰ ਭਾਜਪਾ ਵੱਲੋਂ ਆ ਰਹੀਆਂ ਰਿਪੋਰਟਾਂ ’ਤੇ ਯਕੀਨ ਕੀਤਾ ਜਾਵੇ ਤਾਂ ਭਗਵਾ ਪਾਰਟੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵਿਰੋਧੀ ਧਿਰ ਦੇ ਹੱਥਾਂ ਵਿਚੋਂ ਵਾਧੂ ਸੀਟਾਂ ਖੋਹਣ ਲਈ ਬਹੁਤ ਉਤਸੁਕ ਹੈ।

ਮੱਧ ਪ੍ਰਦੇਸ਼ ਵਿਚ, ਸੱਤਾਧਾਰੀ ਭਾਜਪਾ ਤਿੰਨੋਂ ਰਾਜਸਭਾ ਸੀਟਾਂ ਜਿੱਤਣ ਲਈ ਉਤਾਵਲੀ ਹੈ, ਹਾਲਾਂਕਿ ਹਾਲ ਹੀ ਦੇ ਦਲ-ਬਦਲੀਆਂ ਅਤੇ ਅਯੋਗਤਾਵਾਂ ਤੋਂ ਬਾਅਦ, 230 ਮੈਂਬਰਾਂ ਵਾਲੇ ਸਦਨ ਵਿਚ ਕਾਂਗਰਸ ਕੋਲ 62 ਵਿਧਾਇਕ ਹਨ। ਜਿੱਤਣ ਵਾਲੇ ਉਮੀਦਵਾਰ ਨੂੰ 58.5 ਵੋਟਾਂ ਦੀ ਲੋੜ ਹੁੰਦੀ ਹੈ। ਫਿਰ ਵੀ, ਕਾਂਗਰਸ ਲਈ ਇਹ ਸੀਟ ਜਿੱਤਣੀ ਮੁਸ਼ਕਲ ਹੋਵੇਗੀ ਕਿਉਂਕਿ ਪਾਰਟੀ ਵਿਚ ਫੁੱਟ ਪਈ ਹੋਈ ਹੈ; ਕਮਲਨਾਥ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ, ਜਦਕਿ ਦਿਗਵਿਜੇ ਸਿੰਘ ਦੁਬਾਰਾ ਨਾਮਜ਼ਦਗੀ ਹਾਸਲ ਕਰਨ ਦੇ ਇੱਛੁਕ ਹਨ।

ਰਾਜਸਥਾਨ ਵਿਚ ਵੀ ਅਜਿਹੀ ਹੀ ਸਥਿਤੀ ਹੈ, ਜਿੱਥੇ 200 ਮੈਂਬਰਾਂ ਵਾਲੇ ਸਦਨ ਵਿਚ ਜਿੱਤਣ ਵਾਲੇ ਉਮੀਦਵਾਰ ਨੂੰ 51 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਕਾਂਗਰਸ ਕੋਲ ਇਸ ਸਮੇਂ 67 ਵਿਧਾਇਕ ਹਨ ਅਤੇ ਉਹ 3 ਸੀਟਾਂ ਵਿਚੋਂ ਇਕ ਆਸਾਨੀ ਨਾਲ ਜਿੱਤ ਸਕਦੀ ਹੈ। ਸੱਤਾਧਾਰੀ ਭਾਜਪਾ ਕੋਲ 115 ਵਿਧਾਇਕ ਹਨ ਅਤੇ ਉਸ ਨੂੰ ਆਜ਼ਾਦ ਅਤੇ ਹੋਰ ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਭਾ ਵਿਚ ਆਉਣ ਦੇ ਇੱਛੁਕ ਹਨ, ਜਦਕਿ ਉਨ੍ਹਾਂ ਦੇ ਵਿਰੋਧੀ ਵੀ ਇਸ ਦੌੜ ਵਿਚ ਸ਼ਾਮਲ ਹਨ। ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਅਗਵਾਈ ਵਾਲਾ ਗੱਠਜੋੜ ਆਪਣੀ ਸੀਟ ਬਰਕਰਾਰ ਰੱਖ ਸਕਦਾ ਹੈ, ਬਸ਼ਰਤੇ ਕਿ ਉੱਥੇ ‘ਕਮਲ’ ਨਾ ਖਿੜ ਜਾਵੇ।

ਇਨ੍ਹਾਂ 24 ਸੀਟਾਂ ਵਿਚੋਂ ਭਾਜਪਾ ਕੋਲ ਇਸ ਸਮੇਂ 12 ਸੰਸਦ ਮੈਂਬਰ ਹਨ, ਜਦਕਿ 2 ਸੀਟਾਂ ਉਸ ਦੇ ਸਹਿਯੋਗੀਆਂ ਕੋਲ ਹਨ। ਐੱਨ. ਡੀ. ਏ. ਨੂੰ ਉਮੀਦ ਹੈ ਕਿ ਇਸ ਦੌਰ ਵਿਚ ਉਸ ਦੀਆਂ ਸੀਟਾਂ ਦੀ ਗਿਣਤੀ ਵਿਚ ਕਾਫ਼ੀ ਸੁਧਾਰ ਹੋਵੇਗਾ।


author

Rakesh

Content Editor

Related News