ਬਿਹਾਰ ’ਚ ਨਵੀਂ ਰਣਨੀਤੀ ਬਣਾਉਣ ’ਚ ਜੁਟੀ ਭਾਜਪਾ
Friday, Aug 12, 2022 - 11:51 AM (IST)
ਨਵੀਂ ਦਿੱਲੀ– ਜਦ (ਯੂ) ਵੱਲੋਂ ਸਾਥ ਛੱਡਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਹੁਣ ਆਪਣੇ ਮਿਸ਼ਨ 2024 ਲਈ ਬਿਹਾਰ ’ਚ ਨਵੀਂ ਰਣਨੀਤੀ ਬਣਾਉਣ ’ਚ ਜੁਟ ਗਿਆ ਹੈ। ਰਾਜਗ ਨੇ 2019 ’ਚ 40 ਲੋਕ ਸਭਾ ਸੀਟਾਂ ’ਚੋਂ 39 ’ਤੇ ਜਿੱਤ ਹਾਸਲ ਕੀਤੀ ਸੀ, ਜਿਸ ’ਚੋਂ ਭਾਜਪਾ ਨੇ 17, ਜਦ (ਯੂ) ਨੇ 16 ਅਤੇ ਲੋਜਪਾ ਨੇ 6 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਐੱਨ. ਡੀ. ਏ. ਦਾ ਵੋਟ ਸ਼ੇਅਰ 53.25 ਫੀਸਦੀ ਸੀ। ਜੇ ਇਸ ਦੀ ਤੁਲਨਾ 2014 ’ਚ ਭਾਜਪਾ ਦੇ ਪ੍ਰਦਰਸ਼ਨ ਨਾਲ ਕਰੀਏ (ਜਦ ਮੋਦੀ ਦੀ ਲੋਕਪ੍ਰਿਯਤਾ ਸਿਖਰ ’ਤੇ ਸੀ) ਤਾਂ ਉਸ ਸਮੇਂ ਬਿਹਾਰ ’ਚ ਭਾਜਪਾ ਦਾ ਵੋਟ ਸ਼ੇਅਰ 29.40 ਫੀਸਦੀ ਸੀ ਅਤੇ ਉਸ ਨੂੰ 22 ਲੋਕ ਸਭਾ ਸੀਟਾਂ ਮਿਲੀਆਂ ਸਨ। ਉਸ ਦੇ 2 ਸਹਿਯੋਗੀਆਂ ਲੋਜਪਾ ਅਤੇ ਰਾਲੋਸਪਾ ਨੂੰ 9.40 ਫੀਸਦੀ ਵੋਟ ਸ਼ੇਅਰ ਦੇ ਨਾਲ 9 ਸੀਟਾਂ ਮਿਲੀਆਂ ਸਨ। ਰਾਜਦ-ਕਾਂਗਰਸ ਅਤੇ ਜਦ (ਯੂ) ਨੇ ਵੱਖ-ਵੱਖ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ 44.50 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਇਹ ਸਪਸ਼ਟ ਹੈ ਕਿ ਭਾਜਪਾ ਨੂੰ ਬਿਹਾਰ ’ਚ 30 ਫੀਸਦੀ ਵੋਟ ਸ਼ੇਅਰ ਨੂੰ ਪਾਰ ਕਰਨ ਦੀ ਸਮੱਸਿਆ ਹੋਵੇਗੀ।
7 ਪਾਰਟੀਆਂ (ਰਾਜਦ, ਕਾਂਗਰਸ, ਸੀ. ਪੀ. ਆਈ., ਸੀ. ਪੀ. ਐੱਮ., ਸੀ. ਪੀ. ਆਈ. (ਐੱਮ. ਐੱਲ.), ਏ. ਆਈ. ਐੱਮ. ਆਈ. ਐੱਮ., ਐੱਚ. ਏ. ਐੱਮ.) ਅਤੇ ਆਜ਼ਾਦ ਦੇ ਨਿਤੀਸ਼ ਕੁਮਾਰ ਦੇ ਨਾਲ ਹੱਥ ਮਿਲਾਉਣ ਤੋਂ ਬਾਅਦ ਭਾਜਪਾ ਆਪਣੀ ਰਣਨੀਤੀ ’ਤੇ ਫਿਰ ਤੋਂ ਕੰਮ ਕਰਨ ’ਚ ਰੁੱਝੀ ਹੈ। ਭਾਜਪਾ ਦੀ ਬਿਹਾਰ ਕੋਰ ਕਮੇਟੀ ਨੇ ਮੰਗਲਵਾਰ ਰਾਤ ਨੂੰ ਹੀ ਪਟਨਾ ’ਚ ਬੈਠਕ ਕੀਤੀ ਅਤੇ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਨਾਲ ਫੋਨ ’ਤੇ ਸਲਾਹ-ਮਸ਼ਵਰਾ ਕੀਤਾ। ਭਾਜਪਾ ਨੇ ਨਿਤੀਸ਼ ਕੁਮਾਰ ਦੇ ਸ਼ਾਸਨ ਵਿਰੁੱਧ ਪੂਰੀ ਤਰ੍ਹਾਂ ਹਮਲਾਵਰ ਹੋਣ ਦਾ ਫੈਸਲਾ ਕੀਤਾ ਹੈ ਅਤੇ ਆਪਣੇ ਵੋਟ ਬੈਂਕ ਦੇ ਵਿਸਥਾਰ ਲਈ ‘ਓਪਨ ਡੋਰ’ ਨੀਤੀ ਵੀ ਅਪਨਾਈ ਹੈ। ਆਰ. ਸੀ. ਪੀ. ਸਿੰਘ, ਜੋ ਨਿਤੀਸ਼ ਕੁਮਾਰ ਤੋਂ ਵੱਖ ਹੋ ਗਏ ਸਨ ਅਤੇ ਆਪਣੀ ਰਾਜ ਸਭਾ ਸੀਟ ਅਤੇ ਮੰਤਰੀ ਅਹੁਦਾ ਗੁਆ ਚੁੱਕੇ ਸਨ, ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।
ਇਸੇ ਤਰ੍ਹਾਂ ਚਿਰਾਗ ਪਾਸਵਾਨ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਦਲਵੇਂ ਤੌਰ ’ਤੇ ਲੋਜਪਾ ਦੇ 2 ਗੁੱਟਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਭਾਜਪਾ 2024 ’ਚ ਬਿਹਾਰ ਤੋਂ ਲੋਕ ਸਭਾ ਸੀਟਾਂ ਹਾਰਨ ਦਾ ਜੋਖਿਮ ਨਹੀਂ ਚੁੱਕ ਸਕਦੀ ਅਤੇ ਨਿਤੀਸ਼ ਕੁਮਾਰ ਨੂੰ ਵੱਸ ’ਚ ਕਰਨ ਲਈ ਪ੍ਰਤੀਬੱਧ ਹੈ।