ਵਿਧਾਇਕਾਂ ਦੇ ਪਲਾਇਨ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ : ਕੇਸ਼ਵ ਪ੍ਰਸਾਦ ਮੌਰਿਆ

Monday, Feb 07, 2022 - 10:22 AM (IST)

ਵਿਧਾਇਕਾਂ ਦੇ ਪਲਾਇਨ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ : ਕੇਸ਼ਵ ਪ੍ਰਸਾਦ ਮੌਰਿਆ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਉਨ੍ਹਾਂ ਸਾਰੀਆਂ ਚਰਚਾਵਾਂ ਨੂੰ ਖਾਰਿਜ ਕਰ ਦਿੱਤਾ, ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ 3 ਮੰਤਰੀਆਂ ਸਮੇਤ 10 ਭਾਜਪਾ ਵਿਧਾਇਕਾਂ ਦੇ ਸਮਾਜਵਾਦੀ ਪਾਰਟੀ ’ਚ ਜਾਣ ਨਾਲ ਸੂਬੇ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀਆਂ ਸੰਭਾਵਨਾਵਾਂ ’ਤੇ ਉਲਟ ਅਸਰ ਪਵੇਗਾ।

ਮੌਰਿਆ ਨੇ ਕਿਹਾ ਕਿ ਭਾਜਪਾ ਨੂੰ ਨੁਕਸਾਨ ਪਹੁੰਚਾਣ ਬਾਰੇ ਭੁੱਲ ਜਾਓ। ਜਿੱਥੇ ਇਹ ਲੋਕ ਗਏ ਹਨ, ਹੁਣ ਉਨ੍ਹਾਂ ਪਾਰਟੀਆਂ ਲਈ ਸਮੱਸਿਆ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਭਾਜਪਾ ਛੱਡੀ ਹੈ ਉਹ ਹੁਣ ਉਸ ਚੋਣ ਹਲਕੇ ਨੂੰ ਬਦਲ ਰਹੇ ਹਨ ਜਿੱਥੋਂ ਉਹ ਲੜ ਰਹੇ ਹਨ। ਉਹ ਆਪਣੇ ਪੁਰਾਣੇ ਚੋਣ ਹਲਕਿਆਂ ਨੂੰ ਛੱਡ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹਾਰ ਦਾ ਡਰ ਹੈ ਪਰ ਉਹ ਜਿੱਥੋਂ ਵੀ ਲੜਣਗੇ ਹਾਰ ਜਾਣਗੇ ਅਤੇ ਕਮਲ ਖਿੜ ਜਾਵੇਗਾ।

ਅਰਥਵਿਵਸਥਾ ਅਤੇ ਵਿਕਾਸ ’ਤੇ ਫੋਕਸ

ਮੌਰਿਆ ਕਹਿੰਦੇ ਹਨ ਕਿ ਬੇਸ਼ੱਕ ਕਾਨੂੰਨ ਅਤੇ ਵਿਵਸਥਾ ਸੂਬੇ ’ਚ ਮਹੱਤਵਪੂਰਣ ਹੈ ਪਰ ਅਸੀਂ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ’ਚ ਵਿਕਾਸ ’ਤੇ ਵੀ ਫੋਕਸ ਕਰ ਰਹੇ ਹਾਂ। ਬੁਨਿਆਦੀ ਢਾਂਚਾ ਹੋਵੇ ਜਾਂ ਫੂਡ ਸਕਿਓਰਟੀ, ਸਿੱਖਿਆ ਹੋਵੇ ਜਾਂ ਅਰਥਵਿਵਸਥਾ, ਅਸੀਂ ਉਨ੍ਹਾਂ ਸਾਰਿਆਂ ਬਾਰੇ ਗੱਲ ਕਰ ਰਹੇ ਹਾਂ, ਜੋ ਅਸੀਂ ਕੀਤਾ ਹੈ, ਲੋਕ ਖੁਦ ਮਹਿਸੂਸ ਕਰ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਸੀਂ ਜਿਨ੍ਹਾਂ ਸਰੋਤਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਸੀ, ਉਨ੍ਹਾਂ ’ਚ ਅਸੀਂ ਚੰਗੀ ਤਰ੍ਹਾਂ ਸੰਘਰਸ਼ ਕੀਤਾ।

ਵਿਰੋਧੀ ਧਿਰ ਨੇ ਜਨਤਾ ਨੂੰ ਕੀਤਾ ਗੁੰਮਰਾਹ

ਮੌਰਿਆ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਨੇ ਵੱਡੇ ਪੱਧਰ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਿਗਿਆਨੀਆਂ ਵੱਲੋਂ ਵਿਕਸਿਤ ਟੀਕਿਆਂ ਨੂੰ ‘ਭਾਜਪਾ ਦੇ ਟੀਕੇ’ ਕਰਾਰ ਦਿੱਤਾ। ਸਮਾਜਵਾਦੀ ਪਾਰਟੀ ਹੋਵੇ ਜਾਂ ਬਹੁਜਨ ਸਮਾਜ ਪਾਰਟੀ, ਮਹਾਮਾਰੀ ਦੀਆਂ ਲਹਿਰਾਂ ਦੌਰਾਨ ਜ਼ਮੀਨ ’ਤੇ ਨਹੀਂ ਵਿਖਾਈ ਦੇ ਰਹੀਆਂ ਸਨ। ਇਨ੍ਹਾਂ ਦੀ ਬਜਾਏ ਭਾਜਪਾ ਦੇ ਬੂਥ ਵਰਕਰਾਂ ਤੋਂ ਲੈ ਕੇ ਸੂਬਾ ਇਕਾਈ ਦੇ ਪ੍ਰਧਾਨ ਤੱਕ ਜ਼ਮੀਨ ’ਤੇ ਸਨ।

ਸੀ. ਐੱਮ. ਯੋਗੀ ਨਾਲ ਕੋਈ ਮੱਤਭੇਦ ਨਹੀਂ

ਕੇਸ਼ਵ ਪ੍ਰਸਾਦ ਮੌਰਿਆ ਨੇ ਸੀ. ਐੱਮ. ਯੋਗੀ ਅਤੇ ਉਨ੍ਹਾਂ ਵਿਚਾਲੇ ਕਿਸੇ ਤਰ੍ਹਾਂ ਦੇ ਮੱਤਭੇਦ ਨੂੰ ਵੀ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਜ਼ਿਆਦਾਤਰ ਅਟਕਲਾਂ ਵਿਰੋਧੀ ਧਿਰ ਦੀਆਂ ਹਨ। ਅਸੀਂ ਸਾਰੇ ਲੋਕ ਸੇਵਾ ਲਈ ਇਕੱਠੇ ਹਾਂ ਅਤੇ ਅਸੀਂ ਪ੍ਰਧਾਨ ਮੰਤਰੀ ਮੋਦੀ, ਪਾਰਟੀ ਪ੍ਰਧਾਨ ਜੇ. ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਮਾਰਗਦਰਸ਼ਨ ਲੈਂਦੇ ਹਾਂ। ਉਹ ਸਾਡੇ ਮਾਰਗਦਰਸ਼ਕ ਹਨ ਅਤੇ ਪਾਰਟੀ ਉਨ੍ਹਾਂ ਦੇ ਅਧੀਨ ਹੈ। ਨਤੀਜਾ 10 ਮਾਰਚ ਨੂੰ ਆਵੇਗਾ ਅਤੇ 2017 ਵਰਗਾ ਹੀ ਹੋਵੇਗਾ, ਜਿਸ ’ਚ ਸਾਡੇ ਲਈ 300 ਤੋਂ ਵੱਧ ਸੀਟਾਂ ਹੋਣਗੀਆਂ।


author

Tanu

Content Editor

Related News