ਭਾਜਪਾ ਨੂੰ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਨਾਂ ’ਤੇ ਮਨਰੇਗਾ ਪਸੰਦ ਨਹੀਂ : ਸਟਾਲਿਨ
Saturday, Mar 29, 2025 - 09:51 PM (IST)

ਚੇਨਈ, (ਭਾਸ਼ਾ)- ਡੀ. ਐੱਮ. ਕੇ. ਦੇ ਸੈਂਕੜੇ ਵਰਕਰਾਂ ਵੱਲੋਂ ਸ਼ਨੀਵਾਰ ਤਾਮਿਲਨਾਡੂ ’ਚ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਮਨਰੇਗਾ ਮਜ਼ਦੂਰਾਂ ਦੀ ਮਾੜੀ ਹਾਲਤ ਪ੍ਰਤੀ ਉਦਾਸੀਨ ਰਹਿਣ ਦਾ ਦੋਸ਼ ਲਾਇਆ।
ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਦੇ ਮਜ਼ਦੂਰਾਂ ਦੀ ਬਕਾਇਆ ਤਨਖਾਹ ਜਾਰੀ ਨਾ ਕਰਨ ਲਈ ਭਾਜਪਾ ਸਰਕਾਰ ਦੀ ਆਲੋਚਨਾ ਕਰਦੇ ਹੋਏ ਸਟਾਲਿਨ ਨੇ ਕਿਹਾ ਕਿ ਭਾਜਪਾ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਨਾਂ ’ਤੇ 100 ਦਿਨਾਂ ਦੇ ਕੰਮ ਦੀ ਗਾਰੰਟੀ ਦੇਣ ਵਾਲੀ ਯੋਜਨਾ ਮਨਰੇਗਾ ਨੂੰ ਪਸੰਦ ਨਹੀਂ ਕਰਦੀ।
ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਭਾਜਪਾ ਦਾ ਮੰਤਵ ਉਸ ਮਨਰੇਗਾ ਨੂੰ ਨਸ਼ਟ ਕਰਨਾ ਹੈ, ਜਿਸ ਨੂੰ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਸਰਕਾਰ ਵੱਲੋਂ ਭਾਰਤੀ ਪੇਂਡੂ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਵਜੋਂ ਲਿਆਂਦਾ ਗਿਅਾ ਸੀ।
ਉਨ੍ਹਾਂ ਕਿਹਾ ਕਿ ਜੇ ਇਕ ਦਸਤਖ਼ਤ ਨਾਲ ਕਾਰਪੋਰੇਟਾਂ ਦੇ ਲੱਖਾਂ ਕਰੋੜ ਰੁਪਏ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਫਿਰ ਤੇਜ਼ ਧੁੱਪ ’ਚ ਪਸੀਨਾ ਵਹਾਉਣ ਵਾਲੇ ਗਰੀਬਾਂ ਨੂੰ ਤਨਖਾਹ ਵਜੋਂ ਕੋਈ ਪੈਸਾ ਕਿਉਂ ਨਹੀਂ ਦਿੱਤਾ ਜਾਂਦਾ? ਗਰੀਬਾਂ ਲਈ ਪੈਸਾ ਨਹੀਂ ਹੈ ਜਾਂ ਉਨ੍ਹਾਂ ਦੇ ਦਿਲਾਂ ’ਚ ਗਰੀਬਾਂ ਲਈ ਕੋਈ ਥਾਂ ਨਹੀਂ ਹੈ?