ਮੇਘਾਲਿਆ-ਨਾਗਾਲੈਂਡ ਚੋਣਾਂ ’ਚ ਜਿੱਤ ਲਈ ਭਾਜਪਾ ਨੇ ਬਣਾਈ ਰਣਨੀਤੀ
Thursday, Feb 02, 2023 - 12:23 PM (IST)
ਨਵੀਂ ਦਿੱਲੀ– ਮੇਘਾਲਿਆ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਸ਼ਾਮਲ ਹੋਏ। ਬੈਠਕ ਦੀ ਪ੍ਰਧਾਨਗੀ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਚ ਕੀਤੀ। ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਚੋਣ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਰਹੇ।
ਰਿਪੋਰਟ ਮੁਤਾਬਕ ਬੈਠਕ ਦੌਰਾਨ ਦੋਵਾਂ ਸੂਬਿਆਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਨੂੰ ਲੈ ਕੇ ਚਰਚਾ ਹੋਈ ਅਤੇ ਖਾਸ ਰਣਨੀਤੀ ਤਿਆਰ ਕੀਤੀ ਗਈ। ਮੋਦੀ ਮੇਘਾਲਿਆ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਫਰਵਰੀ ਦੇ ਦੂਜੇ ਹਫਤੇ ਵਿਚ ਪੂਰਬ ਉੱਤਰ ਸੂਬੇ ਵਿਚ ਭਾਜਪਾ ਲਈ ਪ੍ਰਚਾਰ ਕਰਨਗੇ। ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਸਮ੍ਰਿਤੀ ਈਰਾਨੀ ਅਤੇ ਨਿਤਿਨ ਗਡਕਰੀ ਸੂਬੇ ਵਿਚ 27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਦੇ 20 ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਹੋਣਗੇ। ਭਾਜਪਾ ਸ਼ਾਸਿਤ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਸੂਬੇ ਵਿਚ ਪ੍ਰਚਾਰ ਕਰਨਗੇ। ਭਾਜਪਾ ਦੀ ਨਜ਼ਰ 60 ਮੈਂਬਰੀ ਸਦਨ ਵਿਚ ਆਪਣੀਆਂ ਸੀਟਾਂ ਦੀ ਗਿਣਤੀ ਨੂੰ ਵਧਾਉਣ ’ਤੇ ਹੈ।