ਗੁਜਰਾਤ 'ਚ ਭਾਜਪਾ ਦੀ ਬੰਪਰ ਜਿੱਤ ਤੋਂ ਬਾਅਦ ਭੁਪਿੰਦਰ ਪਟੇਲ ਮੁੜ ਸੰਭਾਲਣਗੇ CM ਅਹੁਦਾ
Thursday, Dec 08, 2022 - 04:33 PM (IST)
ਅਹਿਮਦਾਬਾਦ (ਭਾਸ਼ਾ)- ਗੁਜਰਾਤ 'ਚ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਭੁਪਿੰਦਰ ਪਟੇਲ ਮੁੜ ਸੂਬੇ ਦੀ ਕਮਾਨ ਸੰਭਾਲਣਗੇ। ਪ੍ਰਦੇਸ਼ ਭਾਜਪਾ ਮੁਖੀ ਸੀ.ਆਰ. ਪਾਟਿਲ ਨੇ ਵੀਰਵਾਰ ਨੂੰ ਕਿਹਾ ਕਿ ਪਟੇਲ 12 ਦਸੰਬਰ ਨੂੰ ਮੁੜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪ੍ਰਦੇਸ਼ 'ਚ ਭਾਜਪਾ ਨੇ ਮੁਕਾਬਲੇਬਾਜ਼ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਹਰਾ ਕੇ ਬੰਪਰ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਸਮਰਪਿਤ ਵਰਕਰ ਭੁਪਿੰਦਰ ਪਟੇਲ ਨੇ ਨਗਰ ਨਿਗਮ ਪੱਧਰ ਤੋਂ ਸੂਬੇ ਦੀ ਰਾਜਨੀਤੀ 'ਚ ਆਪਣਾ ਮੁਕਾਮ ਹਾਸਲ ਕੀਤਾ। ਪਾਰਟੀ ਨੇ ਪਿਛਲੇ ਸਾਲ ਜਦੋਂ ਸੂਬੇ 'ਚ ਪੂਰੀ ਹੀ ਸਰਕਾਰ ਨੂੰ ਬਦਲਣ ਦਾ ਫ਼ੈਸਲਾ ਕੀਤਾ ਸੀ, ਉਦੋਂ ਮੁੱਖ ਮੰਤਰੀ ਅਹੁਦੇ ਲਈ ਭੁਪਿੰਦਰ ਪਟੇਲ ਦੀ ਚੋਣ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪਾਰਟੀ ਨੇ ਵਿਜੇ ਰੂਪਾਨੀ ਦੇ ਸਥਾਨ 'ਤੇ ਭੁਪਿੰਦਰ ਪਟੇਲ ਦੀ ਚੋਣ ਕੀਤੀ ਸੀ।
ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਭੁਪਿੰਦਰ ਪਟੇਲ ਨੇ ਸਾਬਕਾ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਸਮੇਤ ਕਈ ਹੋਰ ਨੂੰ ਪਛਾੜ ਦਿੱਤਾ ਸੀ। ਸਤੰਬਰ 2021 'ਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭੁਪਿੰਦਰ ਪਟੇਲ ਨੂੰ ਅਹਿਮਦਾਬਾਦ ਤੋਂ ਬਾਹਰ ਘੱਟ ਹੀ ਲੋਕ ਜਾਣਦੇ ਸਨ। ਇੱਥੇ ਭਾਜਪਾ ਪਹਿਲਾਂ ਹੀ ਐਲਾਨ ਕਰ ਚੁੱਕੀ ਸੀ ਕਿ ਪਾਰਟੀ ਨੂੰ ਬਹੁਮਤ ਮਿਲਣ 'ਤੇ ਭੁਪਿੰਦਰ ਪਟੇਲ ਹੀ ਸੂਬੇ ਦੇ ਮੁੱਖ ਮੰਤਰੀ ਹੋਣਗੇ। 'ਓਪੀਨੀਅਨ ਪੋਲਸ' (ਸਰਵੇਖਣਾਂ) 'ਚ ਉਹ ਗੁਜਰਾਤ ਦੀ ਅਗਵਾਈ ਕਰਨ ਲਈ ਲੋਕਾਂ ਦੀ ਪਹਿਲੀ ਪਸੰਦ ਵਜੋਂ ਉੱਭਰੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ