ਭਾਜਪਾ ਨੇ ਕੀਤਾ ਦਿੱਲੀ ਦੇ ‘ਮੁਹੰਮਦਪੁਰ’ ਦਾ ਨਾਂ ਬਦਲ ਕੇ ‘ਮਾਧਵਪੁਰਮ’ ਕਰਨ ਦਾ ਐਲਾਨ
Thursday, Apr 28, 2022 - 11:23 AM (IST)
ਨਵੀਂ ਦਿੱਲੀ– ਭਾਜਪਾ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਇਥੇ ਦੱਖਣੀ ਦਿੱਲੀ ਦੇ ‘ਮੁਹੰਮਦਪੁਰ’ ਪਿੰਡ ਦਾ ਨਾਂ ਬਦਲ ਕੇ ‘ਮਾਧਵਪੁਰਮ’ ਕਰਨ ਲਈ ਆਯੋਜਿਤ ਇਕ ਸਮਾਰੋਹ ਵਿਚ ਹਿੱਸਾ ਲਿਆ ਅਤੇ ਕਿਹਾ ਕਿ ਸਥਾਨਕ ਲੋਕ ਖੁਦ ਨੂੰ ‘ਗੁਲਾਮੀ ਦੇ ਪ੍ਰਤੀਕ’ ਨਾਲ ਜੋੜੇ ਰੱਖਣਾ ਨਹੀਂ ਚਾਹੁੰਦੇ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਵੀ ਵਰਕਰਾਂ ਅਤੇ ਸਥਾਨਕ ਲੋਕਾਂ ਦੇ ਨਾਲ ਇਕ ਨਵੇਂ ਸਿਰੇ ਤੋਂ ਚਿਤਰਿਤ ਬੋਰਡ ਦੇ ਸਾਹਮਣੇ ਤਸਵੀਰ ਖਿਚਵਾਈ, ਜਿਸ ’ਤੇ ‘ਮਾਧਵਪੁਰਮ ਵਿਚ ਸੈਲਾਨੀਆਂ ਦਾ ਸਵਾਗਤ’ ਲਿਖਿਆ ਸੀ
ਇਹ ਘਟਨਾਚੱਕਰ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਦਿੱਲੀ ਵਿਚ ਅਜਿਹੇ ਸਾਰੇ ਮਾਮਲਿਆਂ ਲਈ ਇਕ ‘ਰਾਜ ਨਾਮਕਰਣ ਅਥਾਰਿਟੀ’ ਹੈ ਅਤੇ ਜੇਕਰ ਉਸ ਨੂੰ ਅਜਿਹਾ ਕੋਈ ਪ੍ਰਸਤਾਵ ਮਿਲਦਾ ਹੈ ਤਾਂ ਉਹ ਉਚਿੱਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੀ ਸਮੀਖਿਆ ਕਰੇਗਾ ਅਤੇ ਫੈਸਲਾ ਲਵੇਗਾ। ਗੁਪਤਾ ਨੇ ਟਵੀਟ ਕੀਤਾ ਕਿ ਨਗਰ ਨਿਗਮ ਵਲੋਂ ਇਕ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਅੱਜ ਮਾਧਵਪੁਰਮ ਦੇ ਨਾਮਕਰਣ ਦੀ ਪ੍ਰਕਿਰਿਆ ਪੂਰੀ ਹੋਈ। ਹੁਣ ਇਸ ਪਿੰਡ ਨੂੰ ਮੁਹੰਮਦਪੁਰ ਦੀ ਬਜਾਏ ਮਾਧਵਪੁਰਮ ਦੇ ਨਾਂ ਨਾਲ ਜਾਣਿਆ ਜਾਵੇਗਾ।