ਸੰਵਿਧਾਨ ਨੂੰ ਖਤਮ ਕਰਨ ’ਚ ਲੱਗੇ ਭਾਜਪਾ ਤੇ ਆਰ. ਐੱਸ. ਐੱਸ. : ਰਾਹੁਲ

Tuesday, Nov 12, 2024 - 08:25 PM (IST)

ਸੰਵਿਧਾਨ ਨੂੰ ਖਤਮ ਕਰਨ ’ਚ ਲੱਗੇ ਭਾਜਪਾ ਤੇ ਆਰ. ਐੱਸ. ਐੱਸ. : ਰਾਹੁਲ

ਗੋਂਦੀਆ (ਮਹਾਰਾਸ਼ਟਰ), (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਸੰਵਿਧਾਨ ਨੂੰ ਖਤਮ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਗਾਂਧੀ ਨੇ ਕਿਹਾ ਕਿ ਉਹ ‘ਗਾਰੰਟੀ’ ਨਾਲ ਕਹਿ ਸਕਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨਹੀਂ ਪੜ੍ਹਿਆ ਹੈ, ਨਹੀਂ ਤਾਂ ਉਹ ਇਸ ਵਿਚ ਲਿਖੀਆਂ ਗੱਲਾਂ ਦਾ ਸਨਮਾਨ ਕਰਦੇ।

ਕਾਂਗਰਸ ਨੇਤਾ ਗਾਂਧੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਪੂਰਬੀ ਹਿੱਸੇ ਵਿਚ ਸਥਿਤ ਗੋਂਦੀਆ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਮੋਦੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪਿਛਲੇ 10 ਸਾਲਾਂ ’ਚ ਕਿੰਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਕਿਹਾ ਕਿ ਜੇਕਰ ਮਹਾਰਾਸ਼ਟਰ ’ਚ ਵਿਰੋਧੀ ਮਹਾ ਵਿਕਾਸ ਆਘਾੜੀ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਸੋਇਆਬੀਨ ਅਤੇ ਕਪਾਹ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਉਚਿਤ ਭਾਅ ਅਤੇ ਗਰੀਬਾਂ ਨੂੰ ਸਿਹਤ ਬੀਮਾ ਮਿਲੇਗਾ।

ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਆਪਣੇ ‘ਅਰਬਪਤੀ ਮਿੱਤਰਾਂ’ ਨੂੰ ਜਿੰਨਾ ਪੈਸਾ ਦਿੱਤਾ ਹੈ, ਉਸ ਤੋਂ ਵੱਧ ਪੈਸਾ ‘ਇੰਡੀਆ’ ਗੱਠਜੋੜ ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਨੂੰ ਦੇਵੇਗਾ। ਉਨ੍ਹਾਂ ਕਿਹਾ ਕਿ ਝਾਰਖੰਡ ਵਿਚ ਇਸ ਗੱਠਜੋੜ ਨੇ ਔਰਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਔਰਤਾਂ ਦਾ ਮਾਣ ਭੱਤਾ ਵਧਾ ਕੇ 2500 ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਰਾਹੁਲ ਗਾਂਧੀ ਨੇ ਝਾਰਖੰਡ ਵਿਚ 13 ਨਵੰਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਪਹਿਲਾਂ ਇਹ ਗੱਲ ਦੁਹਰਾਈ ਹੈ।

ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਝਾਰਖੰਡ ਦੀਆਂ ਮਾਤਾਵਾਂ-ਭੈਣਾਂ ਦੇ ਖਾਤਿਆਂ ਵਿਚ ਕੱਲ ਮਈਆ ਸਨਮਾਨ ਯੋਜਨਾ ਦੀ ਚੌਥੀ ਕਿਸ਼ਤ ਚਲੀ ਗਈ। ਇਹ ਸਕੀਮ ਔਰਤਾਂ ਨੂੰ ਮਹਿੰਗਾਈ ਨਾਲ ਲੜਨ ਅਤੇ ਸਵੈ-ਮਾਣ ਨਾਲ ਜੀਵਨ ਜਿਊਣ ਵਿਚ ਮਦਦ ਕਰ ਰਹੀ ਹੈ। ਇਸ ਲਈ ਅਸੀਂ ਇਸ ਤਹਿਤ ਮਿਲਣ ਵਾਲੀ ਰਾਸ਼ੀ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ।


author

Rakesh

Content Editor

Related News