ਕਸ਼ਮੀਰ ਘਾਟੀ 'ਚ ਭਾਜਪਾ ਲਈ ਚੰਗੇ ਦਿਨ, ਪਾਰਟੀ ਨਾਲ ਜੁੜੇ 23,000 ਨਵੇਂ ਵਰਕਰ
Thursday, Aug 22, 2019 - 02:46 PM (IST)

ਸ਼੍ਰੀਨਗਰ—ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਹੋਣ ਤੋਂ ਬਾਅਦ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਘਾਟੀ 'ਚ ਭਾਜਪਾ ਦੇ ਲਈ 'ਚੰਗੇ ਦਿਨ' ਆ ਰਹੇ ਹਨ। ਕਸ਼ਮੀਰ ਦੇ ਬਾਰਾਮੂਲਾ, ਅਨੰਤਨਾਗ ਅਤੇ ਸ਼੍ਰੀਨਗਰ 'ਚ ਭਾਜਪਾ ਨੇ 23,000 ਨਵੇਂ ਵਰਕਰਾਂ ਜੋੜੇ ਹਨ।ਪਾਰਟੀ ਨੇ ਆਉਣ ਵਾਲੇ ਮਹੀਨਿਆਂ 'ਚ ਆਪਣਾ ਸਮਰੱਥਨ ਮਜ਼ਬੂਤ ਕਰਨ ਲਈ ਵਿਸ਼ਵਾਸ ਬਹਾਲੀ ਦੇ ਉਪਾਅ 'ਤੇ ਜ਼ੋਰ ਦੇਣ ਲਈ ਯੋਜਨਾ ਬਣਾਈ ਹੈ। 5 ਅਗਸਤ ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਸਮਾਪਤ ਕਰਨ ਦੇ ਐਲਾਨ ਤੋਂ ਬਾਅਦ ਸੂਬੇ ਦੇ ਕਈ ਹਿੱਸਿਆ 'ਚ ਹੁਣ ਵੀ ਕਰਫਿਊ ਲੱਗਾ ਹੋਇਆ ਹੈ।
ਭਾਜਪਾ ਦੇ ਉਪ ਪ੍ਰਧਾਨ ਅਤੇ ਸੂਬੇ ਦੇ ਚੋਣ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਹਾ ਹੈ ਕਿ ਪਾਰਟੀ ਨੇ ਆਨਲਾਈਨ ਨਾਮਜ਼ਦਗੀ ਰਾਹੀਂ ਸੂਬੇ 'ਚ 3.50 ਲੱਖ ਨਵੇਂ ਮੈਂਬਰਾਂ ਨੂੰ ਆਪਣੇ ਨਾਲ ਜੋੜਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ ਜਿੱਥੇ ਵੀ ਮੋਬਾਇਲ ਨੈੱਟਵਰਕ ਕਮਜ਼ੋਰ ਹੈ, ਉੱਥੇ ਆਫਲਾਈਨ ਮੈਂਬਰਸ਼ਿਪ ਮੁਹਿੰਮ 'ਤੇ ਜ਼ੋਰ ਦਿੱਤਾ ਜਾਵੇਗਾ। ਭਾਜਪਾ ਵੱਲੋਂ ਟੋਲ ਫ੍ਰੀ ਨੰਬਰ 'ਤੇ ਮੋਬਾਇਲ ਤੋਂ ਮਿਸਡ ਕਾਲ ਰਾਹੀਂ ਮੈਂਬਰ ਬਣਨ ਦੀ ਸਰਵਿਸ ਸ਼ੁਰੂ ਕੀਤੀ ਗਈ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਭਾਜਪਾ ਵਰਕਰਾਂ ਦੀ ਗਿਣਤੀ 5.20 ਲੱਖ ਸੀ। ਘਾਟੀ ਦੀ ਅਨੁਮਾਨਿਤ ਆਬਾਦੀ 80 ਲੱਖ ਹੈ। ਭਾਜਪਾ ਦਾ ਦਾਅਵਾ ਹੈ ਕਿ ਜਦੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਸ ਤੋਂ ਪਹਿਲਾਂ ਉਸ ਦੇ ਮੈਂਬਰਾਂ ਦੀ ਗਿਣਤੀ ਲਗਭਗ 1 ਲੱਖ ਦੇ ਨੇੜੇ ਸੀ। ਪਾਰਟੀ ਦਾ ਕਹਿਣਾ ਹੈ ਕਿ ਘਾਟੀ 'ਚ ਉਸ ਦੇ ਮੈਂਬਰਾਂ ਦੀ ਗਿਣਤੀ 'ਚ 25 ਫੀਸਦੀ ਵਾਧਾ ਹੋਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰਬੰਧਾਂ 'ਚ ਢਿੱਲ ਤੋਂ ਬਾਅਦ ਖੇਤਰ 'ਚ ਪਾਰਟੀ ਦੇ ਸਮਰੱਥਨ 'ਚ ਹੋਰ ਜ਼ਿਆਦਾ ਵਾਧਾ ਹੋਵੇਗਾ।