ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ, ਲਾਏ ਗੰਭੀਰ ਇਲਜ਼ਾਮ

Saturday, Jun 19, 2021 - 10:11 AM (IST)

ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ, ਲਾਏ ਗੰਭੀਰ ਇਲਜ਼ਾਮ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਕੋਵਿਡ ਟੀਕੇ ਨੂੰ ਮੁਫਤ ’ਚ ਮੁਹੱਈਆ ਕਰਵਾਉਣ ਦੀ ਬਜਾਏ ਉੱਚੀ ਕੀਮਤ ’ਤੇ ਵੇਚ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸ਼ੁੱਕਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਕੋਰੋਨਾ ਦੇ ਜਿਹੜੇ ਟੀਕੇ ਲੋਕਾਂ ਨੂੰ ਮੁਫ਼ਤ ’ਚ ਲਾਏ ਜਾਣੇ ਚਾਹੀਦੇ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਵੱਧ ਕੀਮਤ ’ਤੇ ਵੇਚ ਰਹੀ ਹੈ। ਪੰਜਾਬ ਸਰਕਾਰ 309 ਰੁਪਏ ਵਾਲੀ ਵੈਕਸੀਨ ਨੂੰ 1560 ਰੁਪਏ ’ਚ ਵੇਚ ਕੇ ਕਾਲਾਬਾਜ਼ਾਰੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕੋਵਿਡ ਟੀਕਾਕਰਨ ਦੇ ਇੰਚਾਰਜ ਨੇ 29 ਮਈ ਦੇ ਕੁਝ ਅੰਕੜਿਆਂ ’ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕੋਵਿਸ਼ੀਲਡ ਟੀਕਿਆਂ ਦੀਆਂ 4.29 ਲੱਖ ਖੁਰਾਕਾਂ 13 ਕਰੋੜ 25 ਲੱਖ ਰੁਪਏ ਵਿਚ ਖਰੀਦੀਆਂ ਗਈਆਂ ਹਨ। ਇਸ ਤਰ੍ਹਾਂ ਇਸ ਦੀ ਔਸਤ ਕੀਮਤ 309 ਰੁਪਏ ਬਣਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 1,14,190 ਕੋਵੈਕਸੀਨ ਦੇ ਟੀਕੇ 4 ਕਰੋੜ 70 ਲੱਖ ਰੁਪਏ ’ਚ ਖਰੀਦੇ ਗਏ। ਇਸ ਦੀ ਔਸਤ ਕੀਮਤ ਪ੍ਰਤੀ ਟੀਕਾ 412 ਰੁਪਏ ਬਣਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਆਕਸੀਜਨ ਦੇ 41 ਪਲਾਂਟਾਂ ਦੀ ਆਗਿਆ ਦਿੱਤੀ ਹੈ। ਇਨ੍ਹਾਂ ਵਿਚੋਂ ਕੁਝ ਤੁਰੰਤ ਹੀ ਸ਼ੁਰੂ ਕਰ ਦਿੱਤੇ ਜਾਣਗੇ। ਕੁਝ 15 ਅਗਸਤ ਭਾਵ ਦੇਸ਼ ਦੀ ਆਜ਼ਾਦੀ ਦੀ 74ਵੀਂ ਵਰ੍ਹੇਗੰਢ ਵਾਲੇ ਦਿਨ ਤੋਂ ਸ਼ੁਰੂ ਕੀਤੇ ਜਾਣਗੇ।

ਖੇਤੀਬਾੜੀ ਕਾਨੂੰਨ ’ਤੇ ਕੋਈ ਸ਼ੱਕ ਹੈ ਤਾਂ ਕੇਂਦਰ ਚਰਚਾ ਲਈ ਤਿਆਰ
ਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਜੇ ਖੇਤੀਬਾੜੀ ਕਾਨੂੰਨਾਂ ਸਬੰਧੀ ਕੋਈ ਸ਼ੱਕ ਹੈ ਤਾਂ ਅਸੀਂ ਕਿਸਾਨ ਆਗੂਆਂ ਨਾਲ ਬੈਠ ਕੇ ਚਰਚਾ ਕਰਨ ਲਈ ਤਿਆਰ ਹਾਂ। ਅਸੀਂ ਸੁਝਾਵਾਂ ਲਈ ਖੁੱਲ੍ਹੇ ਤੌਰ ’ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਨੂੰ ਅੰਦੋਲਨ ਵਾਲੀ ਥਾਂ ਤੋਂ ਜਬਰ-ਜ਼ਨਾਹ ਵਰਗੀਆਂ ਖਬਰਾਂ ਮਿਲ ਰਹੀਆਂ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਦੇ ਕਈ ਨੇਤਾ ਇਸ ਮੁੱਦੇ ਨੂੰ ਉੱਠਾ ਚੁੱਕੇ ਹਨ। ਲੋਕਰਾਜ ਵਿਚ ਅੰਦੋਲਨ ਲਈ ਥਾਂ ਹੈ ਪਰ ਅਪਰਾਧ ਲਈ ਨਹੀਂ।

ਪੰਜਾਬ ਦੇ 333 ਸਿੱਖਾਂ ਨੂੰ ਕਾਲੀ ਸੂਚੀ ’ਚੋਂ ਹਟਾਇਆ
ਹਰਦੀਪ ਪੁਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ 333 ਸਿੱਖਾਂ ਨੂੰ ਕਾਲੀ ਸੂਚੀ ’ਚੋਂ ਹਟਾ ਦਿੱਤਾ ਹੈ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਕਾਰਨ ਹਜ਼ਾਰਾਂ ਸਿੱਖ ਭਰਾਵਾਂ ਤੇ ਭੈਣਾਂ ਨੂੰ ਭਾਰਤ ਦੀ ਨਾਗਰਿਕਤਾ ਮਿਲੀ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਸਰਕਾਰ ਨੇ ਕਾਰਵਾਈ ਯਕੀਨੀ ਕੀਤੀ। ਵਿਦੇਸ਼ੀ ਚੰਦਾ ਹਾਸਲ ਕਰਨ ਲਈ ਅੰਮ੍ਰਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਐੱਫ.ਸੀ.ਆਰ.ਏ. ਅਧੀਨ ਰਜਿਸਟ੍ਰੇਸ਼ਨ ਕਰਵਾਈ ਗਈ। ਸਿੱਖਾਂ ਨਾਲ ਸਬੰਧਤ ਪੱਵਿਤਰ ਥਾਵਾਂ ਨੂੰ ਰੇਲ ਮਾਰਗ ਨਾਲ ਜੋੜਣ ਲਈ 14 ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਨਾਲ ਹੀ ਗੁਰਦੁਆਰਿਆਂ ਵਲੋਂ ਚਲਾਏ ਜਾਣ ਵਾਲੇ ਲੰਗਰ ਨੂੰ ਜੀ.ਐੱਸ.ਟੀ. ਤੋਂ ਛੋਟ ਦਿੱਤੀ ਗਈ। ਇਸ ਸਬੰਧੀ ਵੱਖ-ਵੱਖ ਵਸਤਾਂ ਦੀ ਸੂਚੀ ਬਹੁਤ ਲੰਬੀ ਹੈ।


author

DIsha

Content Editor

Related News