ਪਾਰਟੀ ਨੇਤਾ ਚੁਣਨ ਲਈ ਭਾਜਪਾ ਦੀ ਕਦੇ ਨਾ ਮੁੱਕਣ ਵਾਲੀ ਭਾਲ

Wednesday, Oct 18, 2023 - 03:15 PM (IST)

ਪਾਰਟੀ ਨੇਤਾ ਚੁਣਨ ਲਈ ਭਾਜਪਾ ਦੀ ਕਦੇ ਨਾ ਮੁੱਕਣ ਵਾਲੀ ਭਾਲ

ਨਵੀਂ ਦਿੱਲੀ- ਭਾਜਪਾ ਜਿੱਥੇ 5 ਚੋਣ ਸੂਬਿਆਂ ਵਿੱਚ ਆਪਣੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਸੰਘਰਸ਼ ਕਰ ਰਹੀ ਹੈ, ਉੱਥੇ ਹੀ ਪਾਰਟੀ ਨੂੰ ਹੋਰਨਾਂ ਸੂਬਿਆਂ ਵਿੱਚ ਵੀ ਗੰਭੀਰ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਕਰਨਾਟਕ ਵਿੱਚ ਵੀ ਗੰਭੀਰ ਸੰਕਟ ਵਿੱਚ ਨਜ਼ਰ ਆ ਰਹੀ ਹੈ, ਜਿੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਤੋਂ 6 ਮਹੀਨਿਆਂ ਬਾਅਦ ਵੀ ਭਾਜਪਾ ਸੂਬਾਈ ਵਿਧਾਨ ਸਭਾ ’ਚ ਆਪਣਾ ਨੇਤਾ ਨਹੀਂ ਚੁਣ ਸਕੀ। ਇਸ ਅਹੁਦੇ ਲਈ ਸਾਬਕਾ ਸੀ. ਐੱਮ. ਬਸਵਰਾਜ ਬੋਮਈ ਦੇ ਨਾਲ ਹੀ ਆਰ. ਅਸ਼ੋਕ ਅਤੇ ਬਸਨਗੌੜਾ ਪਾਟਿਲ ਦੇ ਨਾਂ ਚਰਚਾ ਵਿੱਚ ਹਨ। ਪਾਰਟੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ।

ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਪਾਰਟੀ ਦੇ ਲਿੰਗਾਇਤ ਆਧਾਰ ਨੂੰ ਬਣਾਈ ਰੱਖਣ ਲਈ ਆਪਣੇ ਪੁੱਤਰ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਨਾਮਜ਼ਦ ਕਰਨ ’ਤੇ ਜ਼ੋਰ ਪਾ ਰਹੇ ਹਨ ਪਰ ਹਾਈ ਕਮਾਨ ਝੁੱਕ ਨਹੀਂ ਰਹੀ। ਭਾਜਪਾ ਕਰਨਾਟਕ ਵਿੱਚ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਕਿਉਂਕਿ ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ।

ਜਨਤਾ ਦਲ (ਐੱਸ) ਨਾਲ ਗਠਜੋੜ ਤੋਂ ਬਾਅਦ ਉੱਥੇ ਪਹਿਲਾਂ ਤੋਂ ਹੀ ਪਰੇਸ਼ਾਨੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸਦਾਨੰਦ ਗੌੜਾ ਪਹਿਲਾਂ ਹੀ ਇਸ ਗਠਜੋੜ ਦੇ ਖਿਲਾਫ ਆ ਚੁੱਕੇ ਹਨ। ਭਾਜਪਾ ਸੰਭਲ-ਸੰਭਲ ਕੇ ਅੱਗੇ ਵਧ ਰਹੀ ਹੈ।


author

Rakesh

Content Editor

Related News