ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਮੁਖੀ ਸੁਰੇਸ਼ ਕਸ਼ਯਪ ਨੇ ਦਿੱਤਾ ਅਸਤੀਫ਼ਾ
Friday, Apr 21, 2023 - 09:35 AM (IST)
            
            ਸ਼ਿਮਲਾ (ਭਾਸ਼ਾ)- ਸ਼ਿਮਲਾ ਨਗਰ ਨਿਗਮ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਮੁਖੀ ਸੁਰੇਸ਼ ਕਸ਼ਯਪ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਜਪਾ ਦੇ ਅਹੁਦਾ ਅਧਿਕਾਰੀਆਂ ਅਨੁਸਾਰ, ਕਸ਼ਯਪ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ। ਰਾਜੀਵ ਬਿੰਦਲ ਦੇ ਅਸਤੀਫ਼ੇ ਤੋਂ ਬਾਅਦ ਕਯਸ਼ਪ ਨੂੰ 22 ਜੁਲਾਈ 2020 'ਚ ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਦੇ ਕਾਰਜਕਾਲ 'ਚ ਪਾਰਟੀ ਦਾ ਪ੍ਰਦਰਸ਼ਨ ਕਾਫ਼ੀ ਲਚਰ ਰਿਹਾ। ਨਵੰਬਰ 2021 'ਚ ਮੰਡੀ ਲੋਕ ਸਭਾ ਸੀਟ ਅਤੇ ਅਰਕੀ, ਫਤਿਹਪੁਰ ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਖੇਤਰਾਂ ਦੀ ਜ਼ਿਮਨੀ ਚੋਣ 'ਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੂੰ ਦਸੰਬਰ 2022 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੀ ਹਾਰ ਝੱਲਣੀ ਪਈ। ਪਚਛਾਦ ਤੋਂ 2 ਵਾਰ ਦੇ ਵਿਧਾਇਕ ਕਸ਼ਯਪ 2019 'ਚ ਲੋਕ ਸਭਾ ਲਈ ਵੀ ਚੁਣੇ ਗਏ ਸਨ। ਭਾਜਪਾ ਜਲਦ ਹੀ ਰਾਜ 'ਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਮੁੜ ਗਠਿਤ ਕਰ ਸਕਦੀ ਹੈ।
