ਦਿੱਲੀ ''ਚ ਭਾਜਪਾ ਦਾ ਨਵੇਂ ਚਿਹਰਿਆਂ ਦਾ ਫਾਰਮੂਲਾ ਹੋਇਆ ਹਿੱਟ

Tuesday, Jun 04, 2024 - 10:52 PM (IST)

ਦਿੱਲੀ ''ਚ ਭਾਜਪਾ ਦਾ ਨਵੇਂ ਚਿਹਰਿਆਂ ਦਾ ਫਾਰਮੂਲਾ ਹੋਇਆ ਹਿੱਟ

ਨਵੀਂ ਦਿੱਲੀ, (ਨਿਸ਼ਾਂਤ ਰਾਘਵ, ਨਵੋਦਿਆ ਟਾਈਮਸ)- ਦਿੱਲੀ ’ਚ ਸੱਤਾਂ ਸੀਟਾਂ ’ਤੇ ਮਜ਼ਬੂਤ ​​ਸਥਿਤੀ ਬਰਕਰਾਰ ਰੱਖਣ ਲਈ ਇਕ ਵਾਰ ਫਿਰ ਨਵੇਂ ਚਿਹਰਿਆਂ ਨੂੰ ਅਜ਼ਮਾਉਣ ਦਾ ਫਾਰਮੂਲਾ ਹਿੱਟ ਸਾਬਿਤ ਹੋਇਆ। ਸੱਤ ’ਚੋਂ ਛੇ ਸੀਟਾਂ ’ਤੇ ਭਾਜਪਾ ਨੇ ਇਹ ਫਾਰਮੂਲਾ ਅਪਣਾਇਆ ਅਤੇ ਇਹ ਨਵੇਂ ਚਿਹਰੇ ਜਿੱਤਣ ’ਚ ਸਫਲ ਰਹੇ। ਉੱਤਰ-ਪੂਰਬੀ ਸੀਟ ’ਤੇ ਮਨੋਜ ਤਿਵਾੜੀ ਹੀ ਇਕਲੌਤੇ ਉਮੀਦਵਾਰ ਸਨ, ਜੋ ਤੀਜੀ ਵਾਰ ਲਗਾਤਾਰ ਚੋਣ ਮੈਦਾਨ ’ਚ ਸਨ ਅਤੇ ਉਨ੍ਹਾਂ ਨੇ ਜਿੱਤ ਵੀ ਹਾਸਲ ਕੀਤੀ। ਭਾਜਪਾ ਨੇ ਇਸ ਤਜਰਬੇ ਰਾਹੀਂ ਦਿੱਲੀ ਦੀਆਂ ਸੱਤਾਂ ਸੀਟਾਂ ’ਤੇ ਲਗਾਤਾਰ ਜਿੱਤ ਦੀ ਹੈਟ੍ਰਿਕ ਲਾ ਦਿੱਤੀ ਹੈ। ਭਾਜਪਾ ਦੇ ਜੇਤੂ ਰੱਥ ਨੂੰ ਦਿੱਲੀ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਵੀ ਮਿਲ ਕੇ ਰੋਕਣ ’ਚ ਨਾਕਾਮ ਰਿਹਾ। ਇਹ ਵੱਖਰੀ ਗੱਲ ਹੈ ਕਿ ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ ਨੂੰ ਫਿਰ ਮੈਦਾਨ ’ਚ ਉਤਾਰਨ ਕਾਰਨ ਭਾਜਪਾ ਹਾਈਕਮਾਂਡ ਨੂੰ ਵਰਕਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹਾਈਕਮਾਂਡ ਦਾ ਇਹ ਫੈਸਲਾ ਵੀ ਸਹੀ ਸਾਬਿਤ ਹੋਇਆ ਹੈ ਅਤੇ ਮਨੋਜ ਤਿਵਾੜੀ ਨੇ ਵੀ ਜਿੱਤ ਹਾਸਲ ਕੀਤੀ।

ਜ਼ਿਕਰਯੋਗ ਹੈ ਕਿ ਭਾਜਪਾ ਨੇ ਇਹ ਫਾਰਮੂਲਾ ਦਿੱਲੀ ’ਚ ਨਗਰ ਨਿਗਮ-2017 ਦੀਆਂ ਚੋਣਾਂ ਵਿਚ ਵੀ ਅਪਣਾਇਆ ਸੀ ਅਤੇ ਤਤਕਾਲੀ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਇਸ ਫਾਰਮੂਲੇ ਨੇ ਵਿਰੋਧੀ ਪਾਰਟੀਆਂ ਦੇ ਸਾਰੇ ਦਾਅਵਿਆਂ ਅਤੇ ਵਾਅਦਿਆਂ ਨੂੰ ਢਹਿ-ਢੇਰੀ ਕਰ ਦਿੱਤਾ, ਸਗੋਂ ਸਥਾਨਕ ਕੌਂਸਲਰਾਂ ਲਈ ਸੰਗਠਨ ਦੇ ਵਰਕਰਾਂ ’ਚ ਵੀ ਨਾਰਾਜ਼ਗੀ ਘੱਟ ਕਰ ਦਿੱਤੀ ਸੀ। ਨਤੀਜੇ ਵਜੋਂ ਭਾਜਪਾ ਨੇ 181 ਸੀਟਾਂ ’ਤੇ ਵੱਡੀ ਜਿੱਤ ਦਰਜ ਕੀਤੀ ਸੀ ਅਤੇ ‘ਆਪ’ ਨੂੰ 49 ਸੀਟਾਂ ਅਤੇ ਕਾਂਗਰਸ ਨੂੰ 31 ਸੀਟਾਂ ’ਤੇ ਹੀ ਜਿੱਤ ਮਿਲੀ ਸੀ। ਇਸ ਵਾਰ ਦਿੱਲੀ ਵਿਚ ਲੋਕ ਸਭਾ ਚੋਣਾਂ ਵਿਚ ਕੁੱਲ ਵੋਟਿੰਗ 58.70 ਫੀਸਦੀ ਹੋਈ ਸੀ। ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਅਤੇ ਲਗਾਤਾਰ ਤੀਜੀ ਵਾਰ ਦਿੱਲੀ ਵਿਚ ਭਾਜਪਾ ਨੂੰ ਜਿੱਤਣ ਤੋਂ ਰੋਕਣ ਲਈ ‘ਆਪ’ ਅਤੇ ਕਾਂਗਰਸ ਨੇ ਗੱਠਜੋੜ ਦੇ ਸੀਟ ਸ਼ੇਅਰ ਕਰਦੇ ਹੋਏ 4-3 ਦੇ ਫਾਰਮੂਲੇ ਨਾਲ ਆਪੋ-ਆਪਣੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਸੀ ਪਰ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਦੇ ਸਾਹਮਣੇ ਉਨ੍ਹਾਂ ਦੇ ਗਠਜੋੜ ਦੀ ਰਣਨੀਤੀ ਦਿੱਲੀ ’ਚ ਕੰਮ ਨਹੀਂ ਕਰ ਸਕੀ।


author

Rakesh

Content Editor

Related News