ਲੋਕ ਸਭਾ ਦੀਆਂ ਸੀਟਾਂ ਲਈ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਕਰ ਰਹੀਆਂ ਤਿਖੀ ਸੌਦੇਬਾਜ਼ੀ

03/13/2024 1:03:23 PM

ਨਵੀਂ ਦਿੱਲੀ- ਜਦੋਂ ਤੋਂ ਭਾਜਪਾ ਨੇ ਐਲਾਨ ਕੀਤਾ ਹੈ ਕਿ ਉਸ ਨੇ 2019 ਦੀਆਂ ਲੋਕ ਸਭਾ ਚੋਣਾਂ ਨਾਲੋਂ 67 ਸੀਟਾਂ ਵੱਧ ਜਿੱਤ ਕੇ 370 ਸੀਟਾਂ ’ਤੇ ਪਹੁੰਚਣ ਦਾ ਨਿਸ਼ਾਨਾ ਰੱਖਿਆ ਹੈ, ਸਹਿਯੋਗੀ ਪਾਰਟੀਆਂ ਚਿੰਤਤ ਹਨ।

ਐਨ. ਡੀ. ਏ. ਕੋਲ 40 ਸਹਿਯੋਗੀ ਹਨ ਪਰ ਭਾਜਪਾ ਉਨ੍ਹਾਂ ਨੂੰ ਲੋਕ ਸਭਾ ਦੀਆਂ ਹੋਰ ਸੀਟਾਂ ਦੇਣ ਲਈ ਤਿਆਰ ਨਹੀਂ ਹੈ। 2019 ’ਚ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੇ ਲੋਕ ਸਭਾ ਦੀਆਂ 30 ਸੀਟਾਂ ਜਿੱਤੀਆਂ ਸਨ । ਭਾਜਪਾ ਨੇ ਖੁੱਦ 303 ਸੀਟਾਂ ਜਿੱਤੀਆਂ ਸਨ। ਭਾਜਪਾ ਦੀਆਂ 67 ਸੀਟਾਂ ਹੋਰ ਵਧ ਜਾਣਗੀਆਂ ਪਰ ਉਸ ਦੀਆਂ ਸਹਿਯੋਗੀ ਪਾਰਟੀਆਂ 30 ਸੀਟਾਂ ਦੇ ਅੰਕੜੇ ’ਤੇ ਹੀ ਰਹਿਣਗੀਆਂ।

ਮਹਾਰਾਸ਼ਟਰ, ਬਿਹਾਰ, ਪੰਜਾਬ, ਕਰਨਾਟਕ ਤੇ ਕੁਝ ਹੋਰ ਸੂਬਿਆਂ ’ਚ ਉਮੀਦਵਾਰਾਂ ਦੇ ਐਲਾਨ ’ਚ ਦੇਰੀ ਦਾ ਇੱਕ ਕਾਰਨ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਦੀ ਘਾਟ ਹੈ।

ਮਹਾਰਾਸ਼ਟਰ ’ਚ 48 ’ਚੋਂ 41-42 ਸੀਟਾਂ ’ਤੇ ਸਹਿਮਤੀ ਬਣ ਗਈ ਹੈ । ਬਾਕੀ ਦੀਆਂ 5-6 ਸੀਟਾਂ ’ਤੇ ਸ਼ਿਵ ਸੈਨਾ (ਸ਼ਿੰਦੇ) ਅਤੇ ਐੱਨ. ਸੀ. ਪੀ. (ਅਜੀਤ ਪਵਾਰ) ਨਾਲ ਗੱਲਬਾਤ ਚੱਲ ਰਹੀ ਹੈ। ਇਸੇ ਤਰ੍ਹਾਂ ਭਾਜਪਾ ਹਾਈ ਕਮਾਂਡ ਬੀਜੂ ਜਨਤਾ ਦਲ ਨੂੰ ਓਡਿਸ਼ਾ ਦੀਆਂ 21 ’ਚੋਂ ਘੱਟੋ-ਘੱਟ 11 ਸੀਟਾਂ ਦੇਣ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ 2019 ’ਚ ਸਿਰਫ 8 ਸੀਟਾਂ ਜਿੱਤੀਆਂ ਸਨ। ਬੀਜੂ ਜਨਤਾ ਦਲ ਨੇ 12 ਸੀਟਾਂ ਜਿੱਤੀਆਂ ਸਨ।

ਭਾਜਪਾ ਨੇ ਆਂਧਰਾ ਪ੍ਰਦੇਸ਼ ’ਚ ਟੀ.. ਡੀ. ਪੀ.-ਜਨ ਸੈਨਾ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਸਮਝੌਤਾ ਕੀਤਾ ਹੈ। ਭਾਜਪਾ 6 ਸੀਟਾਂ ’ਤੇ ਚੋਣ ਲੜੇਗੀ। ਇਸ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਹਰਿਆਣਾ ’ਚ ਭਾਜਪਾ ਨੇ ਜੇ. ਜੇ. ਪੀ. ਦੇ ਦੁਸ਼ਯੰਤ ਚੌਟਾਲਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।

ਜੇ. ਜੇ. ਪੀ. ਲੋਕ ਸਭਾ ਦੀਆਂ ਉਹ 2 ਸੀਟਾਂ ਦੀ ਮੰਗ ਕਰ ਰਹੀ ਸੀ ਜੋ ਭਾਜਪਾ ਦੇਣ ਲਈ ਤਿਆਰ ਨਹੀਂ ਸੀ। ਪੰਜਾਬ ’ਚ ਭਾਜਪਾ 8 ਸੀਟਾਂ ਚਾਹੁੰਦੀ ਹੈ ਜਦਕਿ ਅਕਾਲੀ ਦਲ 7 ਸੀਟਾਂ ਦੇਣ ਲਈ ਤਿਆਰ ਹੈ।

ਬਿਹਾਰ 'ਚ ਨਿਤੀਸ਼ ਕੁਮਾਰ ਅਾਪਣੀਆਂ ਜਿੱਤੀਆਂ 17 ’ਚੋਂ 2 ਸੀਟਾਂ ਛੱਡਣ ਲਈ ਤਿਆਰ ਹਨ, ਪਰ ਭਾਜਪਾ 4 ਸੀਟਾਂ ਚਾਹੁੰਦੀ ਹੈ । 2019 ’ਚ 17 ਸੀਟਾਂ ਲੜਨ ਵਾਲੀ ਭਾਜਪਾ ਹੁਣ 21 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਭਾਜਪਾ ਚਿਰਾਗ ਪਾਸਵਾਨ ਨਾਲ ਵੀ ਡੀਲ ’ਤੇ ਕੰਮ ਕਰ ਰਹੀ ਹੈ ਜੋ ਬੇਚੈਨੀ ਦੇ ਸੰਕੇਤ ਦੇ ਰਹੀ ਹੈ।


Rakesh

Content Editor

Related News