ਦੇਸ਼ ’ਚ ਬਰਡ ਫਲੂ ਦਾ ਖ਼ਤਰਾ- ਰਾਜਸਥਾਨ ਸਮੇਤ ਇਨ੍ਹਾਂ ਰਾਜਾਂ ’ਚ ਅਲਰਟ, ਕੇਰਲ ’ਚ ਮਾਰੇ ਜਾਣਗੇ 40,000 ਪੰਛੀ

Tuesday, Jan 05, 2021 - 05:06 PM (IST)

ਨਵੀਂ ਦਿੱਲੀ– ਦੇਸ਼ ’ਚ ਅਜੇ ਕੋਰੋਨਾ ਵਾਇਰਸ ਦਾ ਸੰਕਟ ਟਲਿਆ ਨਹੀਂ ਕਿ ਹੁਣ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ ਚਾਰ ਰਾਜਾਂ ’ਚ ਬਰਡ ਫਲੂ ਦਾ ਖ਼ਤਰਾ ਬਣਿਆ ਹੋਇਆ ਹੈ। ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ ਅਤੇ ਰਾਜਸਥਾਨ ’ਚ ਬਰਡ ਫਲੂ ਕਾਰਨ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਕ, ਝਾਬੁਆ ਦੇ ਵਿਸ਼ਵ ਪ੍ਰਸਿੱਧ ਕੜਕਨਾਥ ਮੁਰਗੇ ਨੂੰ ਆਈਸੋਲੇਸ਼ਨ ’ਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਇਮਿਊਨਿਟੀ ਵਧਾਉਣ ਲਈ ਉਨ੍ਹਾਂ ਨੂੰ ਵਿਟਾਮਿਨ ਅਤੇ ਹਲਦੀ ਦਾ ਇਮਿਉਨਿਟੀ ਬੂਸਟਰ ਡੋਜ਼ ਦਿੱਤਾ ਜਾ ਰਿਹਾ ਹੈ। 

ਮੱਧ ਪ੍ਰਦੇਸ਼ ’ਚ ਕਾਵਾਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ
ਇੰਦੌਰ ’ਚ ਮਰੇ ਹੋਏ ਕਾਵਾਂ ’ਚ ਖ਼ਤਰਨਾਕ ਵਾਇਰਸ ਪਾਏ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਰਾਜ ’ਚ ਬਰਡ ਫਲੂ ਦਾ ਅਲਰਟ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਜਨਸੰਪਰਕ ਵਿਭਾਗ ਨੇ ਪ੍ਰਦੇਸ਼ ਦੇ ਸਾਰੇ ਜ਼ਿਲਿਆਂ ਨੂੰ ਅਲਰਟ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ’ਚ ਕਾਵਾਂ ਅਤੇ ਪੰਛੀਆਂ ਦੀ ਮੌਤ ਦੀ ਸੂਚਨਾ ’ਤੇ ਤੁਰੰਤ ਰੋਗ ਨਿਯੰਤਰਣ ਲਈ ਭਾਰਤ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਵਲੋਂ ਦੱਸਿਆ ਗਿਆ ਕਿ ਪ੍ਰਦੇਸ਼ ’ਚ 23 ਦਸੰਬਰ ਤੋਂ 3 ਜਨਵਰੀ 2021 ਤਕ ਇੰਦੌਰ ’ਚ 142, ਮੰਦਸੌਰ ’ਚ 100, ਆਗਰ-ਮਾਲਵਾ ’ਚ 112, ਖਰਗੋਨ ਜ਼ਿਲੇ ’ਚ 13 ਅਤੇ ਸੀਹੋਰ ’ਚ 9 ਕਾਵਾਂ ਦੀ ਮੌਤ ਹੋਈ ਹੈ। 

PunjabKesari

ਹਿਮਾਚਲ ਪ੍ਰਦੇਸ਼ ’ਚ ਵੀ ਬਰਡ ਫਲੂ ਦੀ ਪੁਸ਼ਟੀ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ’ਚ ਸਥਿਤ ਪੌਂਗ ਡੈਂਮ ਝੀਲ ’ਚ ਮ੍ਰਿਤਕ ਪਾਏ ਗਏ ਪ੍ਰਵਾਸੀ ਪੰਛੀ ਬਰਡ ਫਲੂ ਨਾਲ ਪੀੜਤ ਪਾਏ ਗਏ ਹਨ। ਰਾਜਸਥਨ, ਮੱਧ ਪ੍ਰਦੇਸ਼ ਅਤੇ ਕੇਰਲ ਤੋਂ ਬਾਅਦ ਦੇਸ਼ ’ਚ ਹਿਮਾਚਲ ਪ੍ਰਦੇਸ਼ ਚੌਥਾ ਅਜਿਹਾ ਰਾਜ ਬਣ ਗਿਆ ਹੈ ਜਿਥੇ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਝੀਲ ਦੇ ਕੰਢੇ  ਹੁਣ ਤਕ ਕਰੀਬ 2000 ਪ੍ਰਵਾਸੀ ਪੰਛੀ ਮਰੇ ਹੋਏ ਮਿਲੇ ਹਨ। ਇਸ ਵਿਚਕਾਰ ਕਾਂਗੜਾ ਦੇ ਜ਼ਿਲਾ ਅਧਿਕਾਰੀ ਰਕੇਸ਼ ਪ੍ਰਜਾਪਤੀ ਨੇ ਜ਼ਿਲੇ ਦੇ ਫਤਿਹਪੁਰ, ਦੇਹਰਾ, ਜਵਾਲੀ ਅਤੇ ਇੰਦੌਰ ਉਪ ਮੰਡਲ ’ਚ ਮੁਰਗੀ, ਬਤਖ਼, ਹਰ ਪ੍ਰਜਾਤੀ ਦੀ ਮੱਛੀ ਅਤੇ ਉਸ ਨਾਲ ਸੰਬੰਧਿਤ ਉਪਤਾਦਾਂ ਜਿਵੇਂ- ਅੰਡੇ, ਮਾਸ, ਚਿਕਨ ਆਦਿ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। 

PunjabKesari

ਰਾਜਸਥਾਨ ’ਚ ਪੰਛੀਆਂ ਦੀ ਮੌਤ ਦਾ ਸਿਲਸਿਲਾ ਜਾਰੀ
ਰਾਜਸਥਾਨ ਦੇ ਕਈ ਜ਼ਿਲਿਆਂ ’ਚ ਪੰਛੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਪਸ਼ੁਪਾਲਨ ਵਿਭਾਗ ਮੁਤਾਬਕ, ਰਾਜ ’ਚ 425 ਤੋਂ ਜ਼ਿਆਦਾ ਕਾਵਾਂ, ਬਗਲਿਆਂ ਅਤੇ ਹੋਰ ਪੰਛੀ ਮਰੇ ਹਨ। ਝਾਲਾਵਾਡ ਦੇ ਪੰਛੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੋਪਾਲ ਦੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੁਰੋਗ ਸੰਸਥਾਨ ਭੇਜਿਆ ਗਿਆ ਸੀ ਜਿਸ ਵਿਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ ਜਦਕਿ ਹੋਰ ਜ਼ਿਲਿਆਂ ਦੇ ਪੰਛੀਆਂ ਦੀ ਮੌਤ ਦੇ ਨਮੂਨਿਆਂ ਦੀ ਜਾਂਚ ਦੇ ਨਤੀਜੇ ਅਜੇ ਤਕ ਨਹੀਂ ਮਿਲੇ। 

PunjabKesari

ਕੇਰਲ ਦੇ ਦੋ ਜ਼ਿਲਿਆਂ ’ਚ ਬਰਡ ਫਲੂ ਦਾ ਕਹਿਰ
ਕੇਰਲ ਦੇ ਕੋਟਾਇਮ ਅਤੇ ਅਲਪੁਝਾ ਜ਼ਿਲਿਆਂ ਦੇ ਕੁਝ ਹਿੱਸਿਆਂ ’ਚ ਬਰਡ ਫਲੂ ਫੈਲਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਚਲਦੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਖੇਤਰਾਂ ’ਚ ਅਤੇ ਉਸ ਦੇ ਆਲੇ-ਦੁਆਲੇ ਇਕ ਕਿਲੋਮੀਟਰ ਦੇ ਦਾਇਰੇ ’ਚ ਬਤਖ਼, ਮੁਰਗੀਆਂ ਅਤੇ ਹੋਰ ਘਰੇਲੂ ਪੰਛੀਆਂ ਨੂੰ ਮਾਰਨ ਦਾ ਹੁਕਮ ਦੇਣ ਲਈ ਮਜ਼ਬੂਰ ਹੋਣਾ ਪਿਆ। ਕੋਟਾਇਮ ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਨੀਂਦੂਰ ’ਚ ਇਕ ਬਤਖ਼ ਪਾਲਨ ਕੇਂਦਰ ’ਚ ਬਰਡ ਫਲੂ ਪਾਇਆ ਗਿਆ ਹੈ ਅਤੇ ਉਥੇ ਕਰੀਬ 1500 ਬਤਖ਼ਾਂ ਮਰ ਚੁੱਕੀਆਂ ਹਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ’ਚ ਦੱਸੋ ਆਪਣੀ ਰਾਏ।


Rakesh

Content Editor

Related News