ਬਿਪਲਬ ਦੇਵ, ਨਾਮਜ਼ਦ ਮੈਂਬਰ ਗੁਲਾਮ ਅਲੀ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

09/28/2022 5:13:09 PM

ਨਵੀਂ ਦਿੱਲੀ- ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਅਤੇ ਜੰਮੂ-ਕਸ਼ਮੀਰ ਦੇ ਗੁੱਜਰ ਮੁਸਲਿਮ ਭਾਈਚਾਰੇ ਦੇ ਨੇਤਾ ਗੁਲਾਮ ਅਲੀ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਮੈਂਬਰ ਦੀ ਸਹੁੰ ਚੁੱਕੀ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਆਪਣੇ ਚੈਂਬਰ ਵਿਚ ਦੋਵਾਂ ਆਗੂਆਂ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਾਈ।

ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਦੇਬ ਹਾਲ ਹੀ ਵਿਚ ਤ੍ਰਿਪੁਰਾ ਤੋਂ ਰਾਜ ਸਭਾ ਲਈ ਜ਼ਿਮਨੀ ਚੋਣ ’ਚ ਚੁਣੇ ਗਏ ਹਨ,  ਜਦੋਂਕਿ ਗੁਲਾਮ ਅਲੀ ਨੂੰ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਗਿਆ ਹੈ। ਦੇਬ ਨੇ ਹਿੰਦੀ ’ਚ ਸਹੁੰ ਚੁੱਕੀ ਜਦੋਂਕਿ ਗੁਲਾਮ ਅਲੀ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ। ਦੇਬ ਤ੍ਰਿਪੁਰਾ ਦੇ ਮੁੱਖ ਮੰਤਰੀ ਸਨ ਪਰ ਭਾਜਪਾ ਨੇ ਇਸ ਸਾਲ ਮਈ ਵਿਚ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਉਨ੍ਹਾਂ ਦੀ ਥਾਂ 'ਤੇ ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੀ ਤ੍ਰਿਪੁਰਾ ਇਕਾਈ ਦੇ ਪ੍ਰਧਾਨ ਮਾਨਿਕ ਸਾਹਾ ਨੂੰ ਮੁੱਖ ਮੰਤਰੀ ਬਣਾਇਆ ਗਿਆ। ਬਾਅਦ ਵਿਚ ਸਾਹਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।

ਰਾਜ ਸਭਾ ਦੇ ਮੈਂਬਰ ਵਜੋਂ ਗ਼ੁਲਾਮ ਅਲੀ ਦਾ ਸਹੁੰ ਚੁੱਕਣਾ ਮਹੱਤਵਪੂਰਨ ਹੈ ਕਿਉਂਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਪਹਿਲਾਂ ਭਾਈਚਾਰੇ ਦੀ ਵਿਧਾਨਕ ਸੰਸਥਾਵਾਂ ਵਿਚ ਬਹੁਤ ਘੱਟ ਪ੍ਰਤੀਨਿਧਤਾ ਸੀ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਜੰਮੂ-ਕਸ਼ਮੀਰ ਖੇਤਰ ਦੇ ਗੁੱਜਰ ਮੁਸਲਿਮ ਭਾਈਚਾਰੇ ਦੇ ਕਿਸੇ ਵਿਅਕਤੀ ਨੇ ਨਾਮਜ਼ਦ ਮੈਂਬਰ ਵਜੋਂ ਉੱਚ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਹੈ।


Tanu

Content Editor

Related News