ਹੁਣ ਪੇਪਰ ਲੀਕ ਕਰਨ ਤੇ ਨਕਲ ਕਰਵਾਉਣ ਵਾਲਿਆਂ ਦੀ ਖ਼ੈਰ ਨਹੀਂ! ਲੋਕ ਸਭਾ 'ਚ ਪਾਸ ਹੋਇਆ ਇਹ 'ਖ਼ਾਸ' ਬਿੱਲ

02/06/2024 11:58:51 PM

ਨਵੀਂ ਦਿੱਲੀ (ਭਾਸ਼ਾ)- ਸਰਕਾਰੀ ਭਰਤੀ ਪ੍ਰੀਖਿਆਵਾਂ ’ਚ ਪੇਪਰ ਲੀਕ ਕਰਨ ਅਤੇ ਨਕਲ ਕਰਵਾਉਣ ਵਾਲੇ ਮੁਲਜ਼ਮ ਨੂੰ 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਇਨ੍ਹਾਂ ’ਤੇ ਪਾਬੰਦੀ ਲਾਉਣ ਲਈ ਕੇਂਦਰ ਸਰਕਾਰ ਨੇ ਮੰਗਲਵਾਰ ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ ਫੇਅਰਮੀਨਜ਼) ਬਿੱਲ ਪਾਸ ਕਰ ਦਿੱਤਾ। ਹੁਣ ਇਸ ਨੂੰ ਰਾਜ ਸਭਾ ’ਚ ਭੇਜਿਆ ਜਾਵੇਗਾ।

ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਪੁਲਸ ਨੂੰ ਬਿਨਾਂ ਕਿਸੇ ਵਾਰੰਟ ਦੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਹੋਵੇਗਾ ਤੇ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਮਿਲੇਗੀ। ਇਨ੍ਹਾਂ ਅਪਰਾਧਾਂ ਨੂੰ ਸਮਝੌਤੇ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ, ਜੋ ਜਾਣਬੁੱਝ ਕੇ ਇਸ ਵਿੱਚ ਹਿੱਸਾ ਨਹੀਂ ਲੈਂਦੇ।

ਲੋਕ ਸਭਾ ’ਚ ਬਿੱਲ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਸਵਾਲ-ਜਵਾਬ ਸ਼ੀਟ ਲੀਕ ਕਰਨ ਤੇ ਉਮੀਦਵਾਰ ਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਦਦ ਕਰਨ ਵਰਗੇ ਅਪਰਾਧਾਂ ਨੂੰ ਜਨਤਕ ਪ੍ਰੀਖਿਆ ਬਿੱਲ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਧੋਖਾਦੇਹੀ ਅਤੇ ਗਲਤ ਤਰੀਕੇ ਨਾਲ ਪੈਸੇ ਕਮਾਉਣ ਲਈ ਜਾਅਲੀ ਵੈੱਬਸਾਈਟ ਬਣਾਉਣ, ਫਰਜ਼ੀ ਪ੍ਰੀਖਿਆ ਕਰਵਾਉਣ ਲਈ ਜਾਅਲੀ ਐਡਮਿਟ ਕਾਰਡ ਜਾਂ ਆਫਰ ਲੈਟਰ ਜਾਰੀ ਕਰਨ ਵਰਗੀਆਂ ਗੈਰ-ਕਾਨੂੰਨੀ ਸਰਗਰਮੀਆਂ ਨੂੰ ਵੀ ਇਸ ਬਿੱਲ 'ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 'ਆਪ ਦੀ ਸਰਕਾਰ, ਆਪ ਦੇ ਦੁਆਰ' ਸਕੀਮ ਦਾ ਆਗਾਜ਼ ਕਰਦਿਆਂ CM ਮਾਨ ਨੇ ਅਕਾਲੀ ਦਲ 'ਤੇ ਕੱਸਿਆ ਤੰਜ

ਕੇਂਦਰ ਨਾਲ ਸਬੰਧਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਿੱਲ ਦੇ ਘੇਰੇ ’ਚ ਆਉਣਗੀਆਂ
ਇੱਕ ਵਾਰ ਜਦੋਂ ਬਿੱਲ ਕਾਨੂੰਨ ਦਾ ਰੂਪ ਲੈ ਲੈਂਦਾ ਹੈ, ਤਾਂ ਯੂ.ਪੀ.ਐੱਸ.ਸੀ. , ਐੱਸ.ਐੱਸ.ਸੀ. , ਰੇਲਵੇ ਭਰਤੀ ਬੋਰਡ, ਬੈਂਕਿੰਗ, ਨੀਟ-ਮੈਡੀਕਲ ਅਤੇ ਇੰਜੀਨੀਅਰਿੰਗ ਸਮੇਤ ਕਈ ਪ੍ਰੀਖਿਆਵਾਂ ਇਸ ਦੇ ਘੇਰੇ ਵਿੱਚ ਰਹਿਣਗੀਆਂ। ਇਹ ਬਿੱਲ 10ਵੀਂ ਜਾਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਤੇ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਇਹ ਕਿਸੇ ਸੂਬੇ ਦੀਆਂ ਪ੍ਰੀਖਿਆਵਾਂ ’ਤੇ ਵੀ ਲਾਗੂ ਨਹੀਂ ਹੋਵੇਗਾ, ਕਿਉਂਕਿ ਕਈ ਸੂਬਿਆਂ ਦੇ ਧੋਖਾਦੇਹੀ ਨੂੰ ਲੈ ਕੇ ਆਪਣੇ- ਆਪਣੇ ਕਾਨੂੰਨ ਹਨ।

ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ ਫੇਅਰਮੀਨਜ਼) ਬਿੱਲ, 2024, ਜਿਸ ਵਿੱਚ ਦੇਸ਼ ’ਚ ਸਰਕਾਰੀ ਸੇਵਾਵਾਂ ਲਈ ਭਰਤੀ ਪ੍ਰੀਖਿਆਵਾਂ ਦੇ ਆਯੋਜਨ ਨੂੰ ਬੇਲੋੜੇ ਢੰਗ ਨਾਲ ਪ੍ਰਭਾਵਿਤ ਕਰਨ ਵਾਲੇ ਅਪਰਾਧੀਆਂ ਵਿਰੁੱਧ ਸਖ਼ਤ ਸਜ਼ਾਵਾਂ ਦੀ ਵਿਵਸਥਾ ਹੈ, ਨੂੰ ਮੰਗਲਵਾਰ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ। ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮਾਮਲਿਆਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਤਿੰਦਰ ਸਿੰਘ ਨੇ ਹਾਊਸ ਵਿੱਚ ਸੰਖੇਪ ਚਰਚਾ ਪਿੱਛੋਂ ਜਵਾਬ ਦਿੰਦਿਆਂ ਕਿਹਾ ਕਿ ਇਹ ਬਿੱਲ ਸਿਆਸਤ ਤੋਂ ਪਰ੍ਹੇ ਹੈ। ਇਹ ਭਾਰਤ ਦੀਆਂ ਧੀਆਂ-ਪੁੱਤਰਾਂ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

ਉਨ੍ਹਾਂ ਕਿਹਾ ਕਿ ਪੇਪਰ ਲੀਕ ਹੋਣ, ਪ੍ਰਸ਼ਨ ਪੱਤਰ ਬਾਹਰ ਹੀ ਹੱਲ ਹੋਣ ਤੇ ਨਕਲ ਆਦਿ ਵਰਗੀਆਂ ਘਟਨਾਵਾਂ ਦਾ ਨਤੀਜਾ ਮਿਹਨਤੀ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਬਹੁਤ ਸਾਰੇ ਬੱਚੇ ਭਾਵੁਕ ਹੋ ਕੇ ਕਈ ਖਤਰਨਾਕ ਕਦਮ ਚੁੱਕਦੇ ਹਨ। ਹਾਲ ਹੀ ਵਿੱਚ ਕੋਟਾ ਵਿੱਚ ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ। ਉਸ ਦੀ ਚਿੱਠੀ ਪੜ੍ਹ ਕੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਅਸੀਂ ਆਪਣੇ ਬੱਚਿਆਂ ਦਾ ਭਵਿੱਖ ਕਿਸੇ ਦੇ ਹੱਥਾਂ ਵਿੱਚ ਨਹੀਂ ਛੱਡ ਸਕਦੇ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਾ ਹੋਵੇਗਾ। ਇਸ ਲਈ ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰਨਾ ਜ਼ਰੂਰੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Harpreet SIngh

Content Editor

Related News