ਭਾਰਤ 'ਚ ਇਸ ਥਾਂ ਲੱਗਦੈ ਸੱਪਾਂ ਦਾ ਮੇਲਾ, ਬੱਚੇ ਵੀ ਗਲੇ 'ਚ ਨਾਗ ਲਪੇਟੇ ਆਉਂਦੇ ਹਨ ਨਜ਼ਰ

Thursday, Jul 25, 2024 - 08:33 PM (IST)

ਨੈਸ਼ਨਲ ਡੈਸਕ : ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਸਿੰਘੀਆ ਵਿਚ ਨਾਗ ਪੰਚਮੀ ਦੇ ਦਿਨ ਸੱਪਾਂ ਦਾ ਸ਼ਾਨਦਾਰ ਮੇਲਾ ਲੱਗਦਾ ਹੈ। ਇਸ ਵਿਚ ਸੈਂਕੜੇ ਸ਼ਰਧਾਲੂ ਇਸ਼ਨਾਨ ਕਰਕੇ ਨਦੀ ਵਿੱਚੋਂ ਸੱਪਾਂ ਨੂੰ ਬਾਹਰ ਕੱਢਦੇ ਹਨ। ਇਸ ਮੇਲੇ ਨੂੰ ਦੇਖਣ ਲਈ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਲੋਕ ਆਉਂਦੇ ਹਨ। ਨਾਗ ਪੰਚਮੀ 'ਤੇ ਲੱਗਣ ਵਾਲੇ ਇਸ ਮੇਲੇ ਦਾ ਲੰਮਾ ਇਤਿਹਾਸ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਲਗਭਗ ਤਿੰਨ ਸੌ ਸਾਲਾਂ ਤੋਂ ਇੱਥੇ ਇਹ ਅਨੋਖਾ ਮੇਲਾ ਲਗਾਇਆ ਜਾਂਦਾ ਹੈ।

ਹਰ ਸਾਲ ਨਾਗ ਪੰਚਮੀ ਵਾਲੇ ਦਿਨ ਹਜ਼ਾਰਾਂ ਲੋਕ ਸ਼ਰਧਾ ਨਾਲ ਇਸ ਮੇਲੇ ਨੂੰ ਦੇਖਣ ਆਉਂਦੇ ਹਨ। ਇਸ ਦਿਨ ਸ਼ਰਧਾਲੂ ਨਦੀ 'ਚੋਂ ਵੱਖ-ਵੱਖ ਪ੍ਰਜਾਤੀਆਂ ਦੇ ਸੱਪਾਂ ਨੂੰ ਬਾਹਰ ਕੱਢਦੇ ਹਨ ਅਤੇ ਲੋਕ ਉਨ੍ਹਾਂ 'ਤੇ ਤਾੜੀਆਂ ਵਜਾ ਕੇ ਬਹੁਤ ਖੁਸ਼ ਹੁੰਦੇ ਹਨ। ਸ਼ਰਧਾਲੂ ਨਦੀ ਵਿਚ ਡੁਬਕੀ ਲਗਾ ਕੇ ਅਤੇ ਹੱਥਾਂ-ਮੂੰਹ ਨਾਲ ਫੜ ਕੇ ਸੱਪਾਂ ਨੂੰ ਬਾਹਰ ਕੱਢਦੇ ਹਨ। ਇਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਜਾਂਦੇ ਹਨ।

ਮੇਲੇ ਦੀ ਸ਼ੁਰੂਆਤ ਵਿੱਚ ਭਗਤ ਸਿੰਘੀਆ ਬਾਜ਼ਾਰ ਵਿਚ ਸਥਿਤ ਦੇਵੀ ਭਗਵਤੀ ਦੇ ਮੰਦਰ ਤੋਂ ਪੂਜਾ ਕਰਨ ਉਪਰੰਤ ਢੋਲ-ਢਮੱਕੇ ਨਾਲ ਬੁੱਢੀ ਗੰਡਕ ਨਦੀ ਵਿਚ ਪਹੁੰਚਦੇ ਹਨ। ਫਿਰ ਉਹ ਪੂਜਾ ਕਰ ਕੇ ਡੁਬਕੀ ਲਾਉਂਦੇ ਹਨ। ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਨਦੀ ਵਿਚੋਂ ਸੱਪਾਂ ਨੂੰ ਕੱਢਣ ਦਾ ਸਿਲਸਿਲਾ। ਨਦੀ ਵਿਚੋਂ ਨੌਜਵਾਨਾਂ ਤੋਂ ਇਲਾਵਾ ਛੋਟੇ-ਛੋਟੇ ਬੱਚੇ ਵੀ ਸੱਪ ਕੱਢਣ ਵਿਚ ਲੱਗ ਜਾਂਦੇ ਹਨ। ਲੋਕ ਸੱਪਾਂ ਨੂੰ ਹੱਥ ਵਿਚ ਲੈ ਕੇ ਜਾਂ ਗਲੇ ਵਿਚ ਲਪੇਟ ਕੇ ਘੁੰਮਦੇ ਹਨ।

ਕੁਝ ਲੋਕ ਇਸ ਨੂੰ ਸ਼ਰਧਾ ਨਾਲ ਜੋੜਦੇ ਹਨ ਅਤੇ ਇਸ ਨੂੰ ਰੱਬ ਦਾ ਚਮਤਕਾਰ ਕਹਿੰਦੇ ਹਨ। ਲੋਕ ਕਹਿੰਦੇ ਹਨ ਕਿ ਇਸ ਦਿਨ ਕੀਤੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਭਗਤ ਕਹਿੰਦੇ ਹਨ ਕਿ ਜਦੋਂ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤਾਂ ਦਰਿਆ ਵਿਚੋਂ ਕੱਢੇ ਗਏ ਸੱਪਾਂ ਨੂੰ ਸੁਰੱਖਿਅਤ ਥਾਵਾਂ 'ਤੇ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦਾ ਅਦਭੁਤ ਸੱਪਾਂ ਦਾ ਮੇਲਾ ਹੋਰ ਕਿਧਰੇ ਨਹੀਂ ਦੇਖਣ ਨੂੰ ਮਿਲਦਾ। ਇਸ ਕਰਕੇ ਇਸ ਮੇਲੇ ਦਾ ਇੱਕ ਵੱਖਰਾ ਮਹੱਤਵ ਹੈ। ਲੋਕਾਂ ਦਾ ਮੰਨਣਾ ਹੈ ਕਿ ਸਮਸਤੀਪੁਰ ਵਰਗੇ ਜ਼ਿਲ੍ਹੇ ਵਿਚ ਅਜਿਹਾ ਮੇਲਾ ਲੱਗਦਾ ਹੈ ਜੋ ਪੂਰੇ ਭਾਰਤ ਵਿੱਚ ਸਿਰਫ਼ ਇੱਥੇ ਹੀ ਹੁੰਦਾ ਹੈ।


Baljit Singh

Content Editor

Related News