ਬਿਹਾਰ : ਰਾਜਦ ਵਰਕਰ ਦੀ ਗੋਲੀ ਮਾਰ ਕੇ ਹੱਤਿਆ
Saturday, May 16, 2020 - 10:49 AM (IST)

ਬਕਸਰ- ਬਿਹਾਰ 'ਚ ਬਕਸਰ ਜ਼ਿਲੇ ਦੇ ਧਨਸੋਈ ਥਾਣਾ ਖੇਤਰ ਦੇ ਸਿਕਠੀ ਪੁਲ ਨੇੜੇ ਅਪਰਾਧੀਆਂ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਇਸੇ ਥਾਣਾ ਖੇਤਰ ਦੇ ਪਾਨਾਪੁਰ ਪਿੰਡ ਵਾਸੀ ਲਕਸ਼ਮਣ ਯਾਦਵ ਦਾ ਬੇਟਾ ਮਨੋਜ ਯਾਦਵ (26) ਸ਼ੁੱਕਰਵਾਰ ਦੇਰ ਸ਼ਾਮ ਸਕੂਟੀ 'ਚ ਪੈਟਰੋਲ ਭਰਵਾਉਣ ਤੋਂ ਬਾਅਦ ਘਰ ਆ ਰਿਹਾ ਸੀ, ਉਦੋਂ ਸਿਕਠੀ ਪੁਲ ਨੇੜੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਗੱਲਬਾਤ ਕਰਨੀ ਸ਼ੁਰੂ ਕੀਤੀ।
ਗੱਲਬਾਤ ਦੌਰਾਨ ਹੀ ਉਨ੍ਹਾਂ ਲੋਕਾਂ ਨੇ ਮਨੋਜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਰਾਜਦ ਵਿਦਿਆਰਥੀ ਇਕਾਈ ਨਾਲ ਜੁੜਿਆ ਸੀ ਅਤੇ ਪਾਰਟੀ ਦਾ ਸਰਗਰਮ ਮੈਂਬਰ ਵੀ ਸੀ। ਸੂਤਰਾਂ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।