ਬਿਹਾਰ ''ਚ ਪੁਲਸ ਮੁਕਾਬਲੇ ''ਚ 4 ਨਕਸਲੀ ਢੇਰ, ਹਥਿਆਰ ਬਰਾਮਦ

Friday, Jul 10, 2020 - 12:11 PM (IST)

ਬਿਹਾਰ ''ਚ ਪੁਲਸ ਮੁਕਾਬਲੇ ''ਚ 4 ਨਕਸਲੀ ਢੇਰ, ਹਥਿਆਰ ਬਰਾਮਦ

ਬਗਹਾ- ਬਿਹਾਰ 'ਚ ਪੱਛਮੀ ਚੰਪਾਰਨ ਜ਼ਿਲ੍ਹੇ 'ਚ ਲੌਕਰੀਆ ਥਾਣਾ ਖੇਤਰ 'ਚ ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਵਾਲਮੀਕਿ ਟਾਈਗਰ ਰਿਜ਼ਰਵ ਦੇ ਸੰਘਣੇ ਜੰਗਲਾਂ 'ਚ ਸ਼ੁੱਕਰਵਾਰ ਤੜਕੇ ਪੁਲਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ 4 ਨਕਸਲੀ ਢੇਰ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਾਲਮੀਕਿ ਟਾਈਗਰ ਰਿਜ਼ਰਵ ਸੰਘਣੇ ਜੰਗਲਾਂ 'ਚ ਨਕਸਲੀ ਲੁਕੇ ਹੋਏ ਹਨ। ਇਸੇ ਆਧਾਰ 'ਤੇ ਬਗਹਾ ਦੇ ਪੁਲਸ ਸੁਪਰਡੈਂਟ ਧਰਮੇਂਦਰ ਕੁਮਾਰ ਝਾਅ ਦੀ ਅਗਵਾਈ 'ਚ ਵਿਸ਼ੇਸ਼ ਕਾਰਜ ਫੋਰਸ (ਐੱਸ.ਟੀ.ਐੱਫ.) ਅਤੇ ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) 21ਵੀਂ ਬਟਾਲੀਅਨ ਦੇ ਜਵਾਨਾਂ ਦੀ ਸਾਂਝੀ ਟੀਮ ਤਿੰਨ ਦਿਨਾਂ ਤੋਂ ਸਰਚ ਆਪਰੇਸ਼ਨ ਚੱਲਾ ਰਹੀ ਸੀ।

ਸੂਤਰਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ੁੱਕਰਵਾਰ ਤੜਕੇ ਲੌਕਰੀਆ ਥਾਣਾ ਖੇਤਰ ਦੇ ਚਰਪਨੀਆ ਨੇੜੇ ਸੰਘਣੇ ਜੰਗਲਾਂ 'ਚ ਲੁਕੇ ਨਕਸਲੀਆਂ ਅਤੇ ਪੁਲਸ ਦਰਮਿਆਨ ਮੁਕਾਬਲਾ ਹੋ ਗਿਆ। ਪੁਲਸ ਨੂੰ ਦੇਖਦੇ ਹੀ ਨਕਸਲੀਆਂ ਨੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ, ਜਿਸ 'ਚ 4 ਨਕਸਲੀ ਢੇਰ ਹੋ ਗਏ। ਮੌਕੇ 'ਤੇ ਪੁਲਸ ਨੇ ਤਿੰਨ ਐੱਸ.ਐੱਲ.ਆਰ. ਸਮੇਤ ਚਾਰ ਹਥਿਆਰ ਬਰਾਮਦ ਕੀਤੇ ਹਨ। ਕੁਝ ਨਕਸਲੀ ਸੰਘਣੇ ਜੰਗਲ 'ਚ ਫਰਾਰ ਹੋ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਸਰਚ ਮੁਹਿੰਮ ਹਾਲੇ ਜਾਰੀ ਹੈ। ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਰਵਾਨਾ ਹੋ ਗਏ। ਨੇਪਾਲ ਸਰਹੱਦ ਨਾਲ ਲੱਗਦੇ ਪੂਰੇ ਜੰਗਲ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਨਕਸਲੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ।


author

DIsha

Content Editor

Related News