ਬਿਹਾਰ : ਛੇੜਛਾੜ ਦਾ ਵਿਰੋਧ ਕਰਨ ਵਾਲੇ 16 ਲੋਕਾਂ ’ਤੇ ਤੇਜ਼ਾਬ ਨਾਲ ਹਮਲਾ

Wednesday, Aug 28, 2019 - 02:13 PM (IST)

ਬਿਹਾਰ : ਛੇੜਛਾੜ ਦਾ ਵਿਰੋਧ ਕਰਨ ਵਾਲੇ 16 ਲੋਕਾਂ ’ਤੇ ਤੇਜ਼ਾਬ ਨਾਲ ਹਮਲਾ

ਹਾਜੀਪੁਰ— ਬਿਹਾਰ ਦੇ ਵੈਸ਼ਾਲੀ ਜ਼ਿਲੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਾਊਦਨਗਰ ਪਿੰਡ ’ਚ ਛੇੜਛਾੜ ਦਾ ਵਿਰੋਧ ਕਰਨ ਵਾਲੇ 16 ਲੋਕਾਂ ’ਤੇ ਤੇਜ਼ਾਬ ਨਾਲ ਹਮਲਾ ਹੋਇਆ ਹੈ। ਪੀੜਤ ਪੱਖ ਦੇ ਇਨ੍ਹਾਂ ਜ਼ਖਮੀ ਲੋਕਾਂ ਨੂੰ ਤੁਰੰਤ ਕੋਲ ਦੇ ਸਿਹਤ ਕੇਂਦਰ ਲਿਜਾਇਆ ਗਿਆ। ਇੱਥੋਂ ਸਾਰਿਆਂ ਨੂੰ ਹਾਜੀਪੁਰ ਸਦਰ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਸਦਰ ਹਸਪਤਾਲ ’ਚ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ’ਚ 2 ਔਰਤਾਂ ਵੀ ਸ਼ਾਮਲ ਹਨ, ਜੋ ਗੰਭੀਰ ਰੂਪ ਨਾਲ ਝੁਲਸ ਗਈਆਂ ਹਨ। ਪੁਲਸ ਨੇ ਮਾਮਲੇ ’ਚ 5 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਹੈ। 

ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਪੀੜਤ ਪੱਖ ਦੀ ਇਕ ਕੁੜੀ ਨਾਲ ਪਿੰਡ ’ਚ 2 ਦਿਨ ਪਹਿਲਾਂ ਛੇੜਛਾੜ ਕੀਤੀ ਗਈ ਸੀ। ਜਿਸ ਨਾਲ ਪਿੰਡ ’ਚ ਤਣਾਅ ਹੋ ਗਿਆ। ਇਸ ਤੋਂ ਬਾਅਦ ਬੁੱਧਵਾਰ ਦੀ ਸਵੇਰ ਇਸੇ ਪਿੰਡ ਦਾ ਪੀੜਤ ਪੱਖ ਦਾ ਇਕ ਮੁੰਡਾ ਚਾਹ ਦੀ ਦੁਕਾਨ ਤੋਂ ਆ ਰਿਹਾ ਸੀ। ਉਸ ਦੇ ਨਾਲ ਪਿੰਡ ਦੇ ਹੀ ਹੋਰ ਪੱਖ ਦੇ ਲੋਕਾਂ ਨੇ ਕੁੱਟਮਾਰ ਕੀਤੀ। ਜਦੋਂ ਗੱਲ ਵਧੀ ਤਾਂ ਦੋਹਾਂ ਪਾਸਿਓਂ ਕੁੱਟਮਾਰ ਕੀਤੀ ਗਈ। ਇਸੇ ਦੌਰਾਨ ਪੀੜਤ ਪੱਖ ਦੇ 16 ਲੋਕਾਂ ’ਤੇ ਦੂਜੇ ਪੱਖ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ।

ਕੁੱਟਮਾਰ ਦੌਰਾਨ ਹਮਲਾਵਰ ਪੱਖ ਦੇ ਵੀ 5 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਨੂੰ ਵੈਸ਼ਾਲੀ ਦੇ ਸਿਹਤ ਕੇਂਦਰ ’ਚ ਭਰਤੀ ਕਰਵਾਇਆ ਗਿਆ ਹੈ। ਵੈਸ਼ਾਲੀ ਥਾਣੇ ’ਚ ਦੋਹਾਂ ਪੱਖਾਂ ਵਲੋਂ ਸ਼ਿਕਾਇਤ ਦਰਜ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਦਰ ਐੱਸ.ਡੀ.ਓ.ਪੀ. ਰਾਘਵ ਦਿਆਲ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਲੋਕਾਂ ਤੋਂ ਮਾਮਲੇ ਦੀ ਜਾਣਕਾਰੀ ਲਈ। ਉੱਥੇ ਹੀ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਛੇੜਛਾੜ ਕਾਰਨ ਨਹੀਂ ਹੋਈ ਹੈ ਸਗੋਂ 2 ਦਿਨ ਪਹਿਲਾਂ ਹੋਏ ਵਿਵਾਦ ਕਾਰਨ ਹੋਈ ਹੈ। ਫਿਲਹਾਲ ਪਿੰਡ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਸ ਸਥਿਤੀ ’ਤੇ ਨਜ਼ਰ ਰੱਖੇ ਹੋਏ ਹੈ।


author

DIsha

Content Editor

Related News