ਲਾਕਡਾਊਨ ''ਚ ਚੱਲੀ ਗਈ ਸੀ ਨੌਕਰੀ, ਮਸ਼ਰੂਮ ਦੀ ਖੇਤੀ ਨੇ ਬਦਲ ਦਿੱਤੀ ਤਕਦੀਰ
Saturday, Aug 26, 2023 - 10:31 AM (IST)
ਜਲੰਧਰ/ਮੋਤੀਹਾਰੀ- ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੀ ਰਹਿਣ ਵਾਲੀ ਜ਼ੈਨਬ ਬੇਗਮ ਦੀ ਕੋਰੋਨਾ ਕਾਲ ’ਚ ਨੌਕਰੀ ਚਲੇ ਜਾਣ ਤੋਂ ਬਾਅਦ ਮਸ਼ਰੂਮ ਦੀ ਖੇਤੀ ਨੇ ਉਸ ਦੀ ਤਕਦੀਰ ਹੀ ਬਦਲ ਦਿੱਤੀ। ਹੁਣ ਉਹ ਮਸ਼ਰੂਮ ਦੀ ਖੇਤੀ ਕਰ ਕੇ ਨਾ ਸਿਰਫ ਹਰ ਸਾਲ 5 ਤੋਂ 6 ਲੱਖ ਰੁਪਏ ਕਮਾ ਰਹੀ ਹੈ, ਸਗੋਂ ਕਈ ਲੋਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਰਹੀ ਹੈ। ਉਸ ਵਲੋਂ ਉਗਾਈ ਗਈ ਮਸ਼ਰੂਮ ਨਾ ਸਿਰਫ ਭਾਰਤ ਵਿਚ, ਸਗੋਂ ਗੁਆਂਢੀ ਦੇਸ਼ ਨੇਪਾਲ ਵਿਚ ਵੀ ਵਿਕਦੀ ਹੈ। ਨਾਲੰਦਾ ਯੂਨੀਵਰਸਿਟੀ ਤੋਂ ਉਰਦੂ ’ਚ ਪੋਸਟ ਗ੍ਰੈਜੂਏਸ਼ਨ ਕਰ ਚੁੱਕੀ ਜ਼ੈਨਬ ਦਾ ਪ੍ਰੋਫੈਸਰ ਬਣਨ ਦਾ ਸੁਫ਼ਨਾ ਸੀ। ਇਸ ਦੇ ਲਈ ਉਹ ਪੀ. ਐੱਚਡੀ. ਦੀ ਤਿਆਰੀ ਵੀ ਕਰ ਰਹੀ ਸੀ ਪਰ ਲਾਕਡਾਊਨ ’ਚ ਨੌਕਰੀ ਗੁਆ ਦੇਣ ਤੋਂ ਬਾਅਦ ਉਸ ਨੇ ਮਸ਼ਰੂਮ ਦੀ ਖੇਤੀ ਕਰਨ ਦਾ ਇਰਾਦਾ ਕੀਤਾ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'
ਲੱਭਣ ’ਤੇ ਵੀ ਨਹੀਂ ਮਿਲੀ ਨੌਕਰੀ
ਜ਼ੈਨਬ ਦੱਸਦੀ ਹੈ ਕਿ ਉਹ ਪਟਨਾ ’ਚ ਕਾਂਟ੍ਰੈਕਟ ਜੌਬ ਕਰਦੀ ਸੀ ਪਰ ਲਾਕਡਾਊਨ ’ਚ ਉਸ ਦੀ ਤੇ ਉਸ ਦੇ ਪਿਤਾ ਦੋਵਾਂ ਦੀ ਨੌਕਰੀ ਚਲੀ ਗਈ, ਜਿਸ ਕਾਰਨ ਉਸ ਨੂੰ ਘਰ ਵਾਪਸ ਜਾਣਾ ਪਿਆ। ਨੌਕਰੀ ਦੀ ਘਾਟ ’ਚ ਪਰਿਵਾਰ ਮੁਸੀਬਤਾਂ ’ਚ ਘਿਰ ਚੁੱਕਾ ਸੀ। ਨਤੀਜੇ ਵਜੋਂ ਉਸ ਨੇ ਇਕ ਵਾਰ ਮੁੜ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਪਰ ਉਸ ਨੂੰ ਲੱਭਣ 'ਤੇ ਵੀ ਨੌਕਰੀ ਨਹੀਂ ਮਿਲੀ। ਇਕ ਦਿਨ ਜਦੋਂ ਉਹ ਨੌਕਰੀ ਦੀ ਭਾਲ ’ਚ ਪਟਨਾ ਜਾ ਰਹੀ ਸੀ ਤਾਂ ਉਸ ਦੀ ਮੁਲਾਕਾਤ ਕੁਝ ਅਜਿਹੇ ਲੋਕਾਂ ਨਾਲ ਹੋਈ ਜੋ ਮਸ਼ਰੂਮ ਦੀ ਖੇਤੀ ਦੀ ਸਿਖਲਾਈ ਲੈ ਰਹੇ ਸਨ। ਇਨ੍ਹਾਂ ਲੋਕਾਂ ਦੇ ਨਾਲ ਹੀ ਉਸ ਨੇ ਪਹਿਲੀ ਵਾਰ ਪਟਨਾ ’ਚ ਮਸ਼ਰੂਮ ਦੀ ਖੇਤੀ ਵੇਖੀ, ਜਿਸ ਤੋਂ ਬਾਅਦ ਉਸ ਨੇ ਆਪਣੇ ਦਿਲ ਵਿਚੋਂ ਨੌਕਰੀ ਕਰਨ ਦਾ ਖਿਆਲ ਹਮੇਸ਼ਾ ਲਈ ਕੱਢ ਦਿੱਤਾ ਅਤੇ ਮਸ਼ਰੂਮ ਦੀ ਖੇਤੀ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਹਰ ਮਹੀਨੇ ਕਮਾ ਰਹੀ ਹੈ 50 ਹਜ਼ਾਰ ਰੁਪਏ
ਜ਼ੈਨਬ ਕਹਿੰਦੀ ਹੈ ਕਿ ਪਟਨਾ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਪੂਰੀ ਰਾਤ ਇੰਟਰਨੈੱਟ ’ਤੇ ਮਸ਼ਰੂਮ ਦੀ ਖੇਤੀ ਨਾਲ ਸਬੰਧਤ ਜਾਣਕਾਰੀ ਲਈ ਅਤੇ ਫਿਰ ਮੁਜ਼ੱਫਰਨਗਰ ਤੋਂ 400 ਰੁਪਏ ’ਚ ਮਸ਼ਰੂਮ ਦੇ ਬੀਜ ਖਰੀਦ ਕੇ ਆਪਣੇ ਹੀ ਘਰ ਤੋਂ ਖੇਤੀ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਸ ਦੇ ਨੇੜਲੇ ਲੋਕਸਾ ਪਿੰਡ ਦੇ ਮੁਕੇਸ਼ ਸਿੰਘ ਨੇ ਉਸ ਦੀ ਮਦਦ ਕੀਤੀ। ਉਨ੍ਹਾਂ ਨੇ ਹੀ ਖੇਤੀ ਲਈ ਜਗ੍ਹਾ ਵੀ ਮੁਹੱਈਆ ਕਰਵਾਈ। ਮੁਕੇਸ਼ ਦੇ ਮਾਰਗਦਰਸ਼ਨ ’ਚ ਹੀ ਜ਼ੈਨਬ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਆਖਰ ਉਸ ਦੀ ਮਿਹਨਤ ਰੰਗ ਲਿਆਈ। ਉਸ ਵਲੋਂ ਉਗਾਈਆਂ ਗਈਆਂ ਮਸ਼ਰੂਮਾਂ 50 ਹਜ਼ਾਰ ਰੁਪਏ ਵਿਚ ਵਿਕੀਆਂ, ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਕਹਿੰਦੀ ਹੈ ਕਿ ਅੱਜ ਉਹ 40 ਤੋਂ 50 ਹਜ਼ਾਰ ਰੁਪਏ ਮਹੀਨਾ ਕਮਾਉਂਦੀ ਹੈ। ਨਾਲ ਹੀ 5 ਹੋਰ ਵਿਅਕਤੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ।
ਇਹ ਵੀ ਪੜ੍ਹੋ- 'ਚੰਨ' 'ਤੇ ਭਾਰਤ, ਚੰਦਰਯਾਨ-2 ਨੇ ਰੁਆਇਆ ਸੀ, ਚੰਦਰਯਾਨ-3 ਨੇ ਮੋੜੀ ਮੁਸਕਰਾਹਟ
ਨੇਪਾਲ ਦੀਆਂ ਮੰਡੀਆਂ ’ਚ ਵੀ ਵਿਕਦੀ ਹੈ ਮਸ਼ਰੂਮ
ਸ਼ੁਰੂ ਦੀਆਂ ਪ੍ਰੇਸ਼ਾਨੀਆਂ ਬਾਰੇ ਉਹ ਕਹਿੰਦੀ ਹੈ ਕਿ ਜਦੋਂ ਉਸ ਨੇ ਘਰ ਤੋਂ ਖੇਤੀ ਕਰਨੀ ਸ਼ੁਰੂ ਕੀਤੀ ਸੀ ਤਾਂ ਆਂਢ-ਗੁਆਂਢ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਤਾਅਨੇ ਮਾਰੇ ਕਿ ਇੰਨੀ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਉਹ ਫਾਲਤੂ ਕੰਮਾਂ ’ਚ ਆਪਣਾ ਸਮਾਂ ਬਰਬਾਦ ਕਰ ਰਹੀ ਹੈ। ਰੋਜ਼-ਰੋਜ਼ ਦੇ ਤਾਅਨਿਆਂ ਨੂੰ ਸੁਣ ਕੇ ਉਹ ਪ੍ਰੇਸ਼ਾਨ ਹੋ ਗਈ ਸੀ ਅਤੇ ਉਸ ਨੇ ਮੋਤੀਹਾਰੀ ਤੋਂ ਖੇਤੀ ਕਰਨੀ ਸ਼ੁਰੂ ਕੀਤੀ। ਉਹ ਦੱਸਦੀ ਹੈ ਕਿ ਅੱਜ ਉਸ ਵਲੋਂ ਉਗਾਈ ਗਈ ਮਸ਼ਰੂਮ ਦੀ ਮੰਗ ਪਟਨਾ ਤੇ ਲਖਨਊ ਵਰਗੀਆਂ ਮੰਡੀਆਂ ਸਮੇਤ ਨੇਪਾਲ ਦੇ ਕਾਠਮੰਡੂ ਤੇ ਵੀਰਗੰਜ ਵਿਚ ਵੀ ਹੈ।
ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
ਆਪਣਾ ਬ੍ਰਾਂਡ ਸਥਾਪਤ ਕਰਨਾ ਚਾਹੁੰਦੀ ਹੈ ਜ਼ੈਨਬ
ਜ਼ੈਨਬ ਹੁਣ ਆਪਣਾ ਖੁਦ ਦਾ ਇਕ ਬ੍ਰਾਂਡ ਸਥਾਪਤ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਹੋਰ ਔਰਤਾਂ ਨੂੰ ਵੀ ਰੋਜ਼ਗਾਰ ਮਿਲੇ। ਇਸ ਵਾਸਤੇ ਉਹ ਔਰਤਾਂ ਨੂੰ ਸਿਖਲਾਈ ਦੇਣ ਲਈ ਵੀ ਤਿਆਰ ਹੈ। ਉਹ ਕਹਿੰਦੀ ਹੈ ਕਿ ਔਰਤਾਂ ਨੂੰ ਇਸ ਦੇ ਲਈ ਆਪਣੇ ਘਰਾਂ ’ਚੋਂ ਬਾਹਰ ਜਾਣ ਦੀ ਲੋੜ ਨਹੀਂ। ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਆਸਾਨੀ ਨਾਲ ਬੀਜ ਤੇ ਖਾਦ ਤਿਆਰ ਕਰ ਕੇ ਮਸ਼ਰੂਮ ਦੀ ਪੈਦਾਵਾਰ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8