ਆਖਰਕਾਰ ਕਦੋਂ ਸੁਰੱਖਿਅਤ ਹੋਣਗੀਆਂ ਧੀਆਂ? ਹੁਣ ਬਿਹਾਰ ''ਚ ਹੈਦਰਾਬਾਦ ਜਿਹੀ ਦਰਿੰਦਗੀ

12/3/2019 5:42:30 PM

ਬਕਸਰ— ਹੈਦਰਾਬਾਦ 'ਚ ਇਕ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਰੋਹ 'ਚ ਹੈ। 25 ਸਾਲਾ ਮਹਿਲਾ ਦੀ ਝੁਲਸੀ ਹੋਈ ਲਾਸ਼ ਬਰਾਮਦ ਹੋਈ ਸੀ, ਜੋ ਕਿ ਪਸ਼ੂਆਂ ਦੀ ਡਾਕਟਰ ਸੀ। ਹੈਦਰਾਬਾਦ ਜਿਹੀ ਦਰਿੰਦਗੀ ਬਿਹਾਰ ਦੇ ਬਕਸਰ 'ਚ ਸਾਹਮਣੇ ਆਈ ਹੈ, ਜਿੱਥੇ ਇਕ ਲੜਕੀ ਨਾਲ ਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਫਿਰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਦਰਿੰਦਿਆਂ ਨੇ ਫਿਰ ਪੈਟਰੋਲ ਛਿੜਕ ਕੇ ਲੜਕੀ ਨੂੰ ਸਾੜ ਦਿੱਤਾ। ਇਹ ਘਟਨਾ ਠੀਕ ਹੈਦਰਾਬਾਦ ਰੇਪ ਕੇਸ ਵਾਂਗ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਲੜਕੀ ਘਰ 'ਚੋਂ ਗਾਇਬ ਸੀ। ਪਰਿਵਾਰ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਸੀ। ਪਰਿਵਾਰ ਵਾਲਿਆਂ ਵਲੋਂ ਕਈ ਥਾਂ 'ਤੇ ਭਾਲ ਮਗਰੋਂ ਲੜਕੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪਰੇਸ਼ਾਨ ਮਾਪਿਆਂ ਨੇ ਅਖੀਰ ਨਗਰ ਥਾਣਾ 'ਚ ਐੱਫ. ਆਈ. ਆਰ. ਦਰਜ ਕਰਵਾਈ, ਜਿਸ 'ਚ ਅਣਜਾਣ ਵਿਅਕਤੀ 'ਤੇ ਵਿਆਹ ਦੀ ਨੀਅਤ ਨਾਲ ਅਗਵਾ ਦਾ ਦੋਸ਼ ਲਾਇਆ ਗਿਆ। ਇਸ ਦਰਮਿਆਨ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ, ਜਿਸ 'ਚ ਲੜਕੀ ਦੇ ਹੁਣ ਵਾਪਸ ਨਾ ਆਉਣ ਦੀ ਸੂਚਨਾ ਦਿੰਦੇ ਹੋਏ ਫੋਨ ਕੱਟ ਦਿੱਤਾ ਗਿਆ। ਇਸ ਨੂੰ ਲੈ ਕੇ ਪਰਿਵਾਰ ਵਲੋਂ ਕਤਲ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਸੀ।

ਰਾਤ ਲੰਘਣ ਮੰਗਰੋਂ ਮੰਗਲਵਾਰ ਭਾਵ ਅੱਜ ਲੜਕੀ ਦੀ ਸੁੰਨਸਾਨ ਥਾਂ 'ਤੇ ਸੜੀ ਹੋਈ ਲਾਸ਼ ਮਿਲੀ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਤਹਿਕੀਕਾਤ ਤੋਂ ਬਾਅਦ ਦੱਸਿਆ ਕਿ ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਫਿਰ ਉਸ ਦੀ ਲਾਸ਼ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਾ ਕਿ ਘਟਨਾ ਨੂੰ ਪਿਛਲੇ 24 ਘੰਟਿਆਂ ਅੰਦਰ ਅੰਜ਼ਾਮ ਦਿੱਤਾ ਗਿਆ। ਪੋਸਟਮਾਰਟਮ 'ਚ ਲੜਕੀ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਹੈਦਰਾਬਾਦ ਤੋਂ ਬਾਅਦ ਹੁਣ ਫਿਰ ਅਜਿਹੀ ਘਟਨਾ ਤੋਂ ਬਾਅਦ ਸਵਾਲ ਇਹ ਉਠਦਾ ਹੈ ਕਿ ਆਖਰਕਾਰ ਦੇਸ਼ ਦੀਆਂ ਧੀਆਂ ਕਦੋਂ ਸੁਰੱਖਿਅਤ ਮਹਿਸੂਸ ਕਰਨਗੀਆਂ?


Tanu

Edited By Tanu