ਜਦੋਂ ਡਾਕਟਰਾਂ ਨੇ ਪੱਥਰੀ ਦੀ ਜਗ੍ਹਾ ਕੱਢ ਦਿੱਤੀ ਕਿਡਨੀ, ਫਿਰ ਉਹ ਹੋਇਆ ਜੋ ਸੋਚਿਆ ਵੀ ਨਾ ਸੀ
Friday, Nov 20, 2020 - 01:28 PM (IST)
ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਰੀਜ਼ ਦੀ ਖੱਬੀ ਕਿਡਨੀ 'ਚ ਪੱਥਰੀ ਸੀ, ਜਿਸ ਦਾ ਡਾਕਟਰਾਂ ਨੇ ਆਪਰੇਸ਼ਨ ਕਰਨ ਦੌਰਾਨ ਸੱਜੀ ਕਿਡਨੀ ਹੀ ਕੱਢ ਦਿੱਤੀ। ਜਦੋਂ ਇਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ ਹਸਪਤਾਲ 'ਚ ਹੰਗਾਮਾ ਸ਼ੁਰੂ ਹੋ ਗਿਆ। ਇਹ ਮਾਮਲਾ ਪਟਨਾ ਦੇ ਕੰਕੜਬਾਗ ਥਾਣਾ ਖੇਤਰ ਸਥਿਤ ਇਕ ਹਸਪਤਾਲ ਦੀ ਹੈ। ਬੈਗੂਸਰਾਏ ਦੇ ਇਕ 26 ਸਾਲਾ ਨੌਜਵਾਨ ਢਿੱਡ 'ਚ ਦਰਦ ਦੀ ਸ਼ਿਕਾਇਤ ਹੋਣ 'ਤੇ ਇਸ ਹਸਪਤਾਲ 'ਚ ਦਾਖ਼ਲ ਹੋਇਆ। ਜਾਂਚ 'ਚ ਪਤਾ ਲੱਗਾ ਕਿ ਉਸ ਦੀ ਕਿਡਨੀ 'ਚ ਪੱਥਰੀ ਹੈ। ਇਸ ਨੂੰ ਆਪਰੇਸ਼ਨ ਕਰ ਕੇ ਕੱਢਣਾ ਪਵੇਗਾ। ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਡਾਕਟਰਾਂ ਨੇ ਆਪਰੇਸ਼ਨ ਕੀਤਾ। ਆਪਰੇਸ਼ਨ ਦੌਰਾਨ ਡਾਕਟਰ ਨੇ ਮਰੀਜ਼ ਦੀ ਖੱਬੀ ਦੀ ਬਜਾਏ ਸੱਜੀ ਕਿਡਨੀ ਦਾ ਆਪਰੇਸ਼ਨ ਕਰ ਕੇ ਪੱਥਰੀ ਦੀ ਜਗ੍ਹਾ ਕਿਡਨੀ ਕੱਢ ਲਈ।
ਮਰੀਜ਼ ਦੇ ਭਰਾ ਨੇ ਦੱਸਿਆ ਕਿ ਬਾਅਦ 'ਚ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਆਪਰੇਸ਼ਨ ਗਲਤ ਹੋ ਗਿਆ ਹੈ। ਜਦੋਂ ਪਰਿਵਾਰ ਵਾਲਿਆਂ ਨੂੰ ਕਿਡਨੀ ਕੱਢਣ ਦੀ ਗੱਲ ਪਤਾ ਲੱਗੀ ਤਾਂ ਗੁੱਸੇ 'ਚ ਆਏ ਪਰਿਵਾਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਸਪਤਾਲ ਪ੍ਰਬੰਧਕ ਮੌਕੇ 'ਤੇ ਪਹੁੰਚ ਗਿਆ। ਪਰਿਵਾਰ ਵਾਲਿਆਂ ਨੂੰ ਦੂਜੇ ਹਸਪਤਾਲ 'ਚ ਮਰੀਜ਼ ਦਾ ਇਲਾਜ ਕਰਵਾਉਣ ਅਤੇ ਪੂਰਾ ਖਰਚ ਚੁੱਕਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਹੰਗਾਮਾ ਸ਼ਾਂਤ ਹੋ ਸਕਿਆ। ਇਸ ਮਾਮਲੇ 'ਚ ਹੁਣ ਤੱਕ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਨੌਜਵਾਨ ਦੀਆਂ ਦੋਵੇਂ ਕਿਡਨੀਆਂ 'ਚ ਪੱਥਰੀ ਸੀ। ਯੂਰਿਨ ਨਾਲ ਖੂਨ ਆ ਰਿਹਾ ਸੀ, ਜਾਂਚ 'ਚ ਸਿਰਫ਼ ਖੱਬੇ ਪਾਸੇ ਪਰੇਸ਼ਾਨੀ ਦਾ ਪਤਾ ਲੱਗਾ। ਸਰਜਰੀ ਦੇ ਸਮੇਂ ਸੱਜੀ ਕਿਡਨੀ 'ਚ ਵੀ ਪੱਥਰੀ ਦਿੱਸੀ। ਕਿਡਨੀ 'ਚ ਨਾੜੀਆਂ ਦਾ ਗੁੱਛਾ ਉਲਝਣ ਨਾਲ ਖੂਨ ਬੰਦ ਨਹੀਂ ਹੋ ਰਿਹਾ ਸੀ। ਅਜਿਹੇ 'ਚ ਜਾਨ ਬਚਾਉਣ ਲਈ ਕਿਡਨੀ ਕੱਢਣੀ ਪਈ, ਜਿਸ ਨੂੰ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਡਾਇਰੈਕਟਰ ਨੇ ਦੱਸਿਆ ਕਿ ਗਲਤੀ ਤਾਂ ਹੋਈ ਹੈ ਪਰ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਨੌਜਵਾਨ ਦੇ ਇਲਾਜ ਦਾ ਪੂਰਾ ਖਰਚ ਹਸਪਤਾਲ ਚੁੱਕੇਗਾ।
ਇਹ ਵੀ ਪੜ੍ਹੋ : ਦਾਦਾ ਕਰੋੜਪਤੀ ਪਰ ਪਿਓ ਕਰ ਰਿਹੈ ਸੀ ਮਜ਼ਦੂਰੀ, ਇਸ ਗੱਲੋਂ ਖ਼ਫ਼ਾ ਪੋਤੇ ਨੇ ਕਰ ਦਿੱਤਾ ਵੱਡਾ ਕਾਰਾ