ਹੁਣ ਵਿਰੋਧੀ ਧਿਰ ਨੂੰ ਇਕਜੁੱਟ ਕਰਨਗੇ ਨਿਤੀਸ਼, ਪੀ.ਐੱਮ. ਅਹੁਦੇ ਨੂੰ ਲੈ ਕੇ ਕਹੀ ਇਹ ਗੱਲ
Saturday, Aug 13, 2022 - 01:25 PM (IST)
ਪਟਨਾ (ਭਾਸ਼ਾ)– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਪਰ ਉਹ ਕੇਂਦਰ ਵਿੱਚ ਸੱਤਾਧਾਰੀ ਐੱਨ. ਡੀ. ਏ ਖ਼ਿਲਾਫ਼ ਵਿਰੋਧੀ ਏਕਤਾ ਬਣਾਉਣ ਵਿੱਚ ਉਸਾਰੂ ਭੂਮਿਕਾ ਨਿਭਾਉਣ ਲਈ ਤਿਆਰ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਬਿਹਾਰ ਵਿੱਚ ਨਵੀਂ ਬਣੀ ਸਰਕਾਰ ਵਿਰੁੱਧ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਦੁਰਵਰਤੋਂ ਦੇ ਖਦਸ਼ਿਆਂ ਨੂੰ ਸਾਧਾਰਨ ਢੰਗ ਨਾਲ ਲਿਆ। ਇਹ ਪੁਛਣ ’ਤੇ ਕਿ ਕੀ ਬਿਹਾਰ ਦੇ ਲੋਕ ਇੱਕ ਦਿਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵੇਖ ਸਕਦੇ ਹਨ ਤਾਂ ਉਨ੍ਹਾਂ ਹੱਥ ਜੋੜ ਕੇ ਕਿਹਾ ਕਿ ਕਿਰਪਾ ਕਰ ਕੇ ਮੈਨੂੰ ਅਜਿਹੇ ਸਵਾਲ ਨਾ ਪੁੱਛੋ। ਮੈਂ ਕਈ ਵਾਰ ਕਿਹਾ ਹੈ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ। ਮੈਂ ਆਪਣੇ ਰਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਖਿੰਡਰੀਆਂ ਹੋਈਆਂ ਵਿਰੋਧੀ ਪਾਰਟੀਆਂ ਵਿਚ ਏਕਤਾ ਬਣਾਉਣ ਵਿਚ ਆਪਣੀ ਭੂਮਿਕਾ ਕਿਵੇਂ ਨਿਭਾਉਣਗੇ ਤਾਂ ਉਨ੍ਹਾਂ ਕਿਹਾ ਕਿ ਮੇਰੀ ਭੂਮਿਕਾ ਉਸਾਰੂ ਹੋਵੇਗੀ। ਮੈਨੂੰ ਕਈ ਟੈਲੀਫੋਨ ਕਾਲਾਂ ਆ ਰਹੀਆਂ ਹਨ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ. ਵਿਰੁੱਧ ਇਕੱਠਾ ਹੋ ਜਾਵੇ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਕੁਝ ਨਵੇਂ ਕਦਮ ਵੇਖੋਗੇ।
ਨਵੀਂ ਸਰਕਾਰ ਨੂੰ ਲੈ ਕੇ ਈ. ਡੀ. ਅਤੇ ਸੀ. ਬੀ. ਆਈ. ਦੇ ਡਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਕੋਈ ਡਰ ਨਹੀਂ। ਇਕ ਗੱਲ ਯਾਦ ਰੱਖੋ, ਜਿਨ੍ਹਾਂ ਨੂੰ ਏਜੰਸੀਆਂ ਦੀ ਦੁਰਵਰਤੋਂ ਕਰਨ ਦੀ ਆਦਤ ਪੈ ਗਈ ਹੈ , ਉਨ੍ਹਾਂ ’ਤੇ ਬਿਹਾਰ ਵਾਸੀ ਤਿੱਖੀ ਨਜ਼ਰ ਰੱਖਣਗੇ।