ਬਿਹਾਰ 'ਚ ਉਦਘਾਟਨ ਤੋਂ ਪਹਿਲਾਂ ਹੀ ਡਿੱਗਿਆ 13 ਕਰੋੜ ਦੀ ਲਾਗਤ ਨਾਲ ਬਣਿਆ ਪੁਲ

12/19/2022 11:19:55 AM

ਬੇਗੂਸਰਾਏ (ਏਜੰਸੀ)- ਬਿਹਾਰ ਦੇ ਬੇਗੂਸਰਾਏ ਵਿੱਚ ਮੁੱਖ ਮੰਤਰੀ ਨਾਬਾਰਡ ਯੋਜਨਾ ਵੱਲੋਂ ਬੁੱਢੀ ਗੰਡਕ ਨਦੀ ਉੱਤੇ ਬਣਾਏ ਗਏ ਪੁਲ ਦਾ ਵਿਚਕਾਰਲਾ ਹਿੱਸਾ ਟੁੱਟ ਕੇ ਗੰਡਕ ਨਦੀ ਵਿੱਚ ਜਾ ਡਿੱਗਾ। ਆਕ੍ਰਿਤੀ ਟੋਲਾ ਚੌਂਕੀ ਤੋਂ ਬਿਸ਼ਨਪੁਰ ਵਿਚਕਾਰ ਕਰੀਬ 206 ਮੀਟਰ ਲੰਬਾ ਇਹ ਪੁਲ 13.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਕਾਫੀ ਸਮੇਂ ਤੋਂ ਹੀ ਇਹ ਪੁਲ ਉਦਘਾਟਨ ਦੀ ਉਡੀਕ ਕਰ ਰਿਹਾ ਸੀ ਪਰ ਉਦਘਾਟਨ ਤੋਂ ਪਹਿਲਾਂ ਹੀ ਇਸ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਵਿਚਕਾਰਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਕੇ ਦਰਿਆ ਵਿੱਚ ਡਿੱਗ ਪਿਆ ਹੈ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਪਤੀ ਨੇ ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਕਈ ਟੁਕੜੇ

ਇਸ ਪੁਲ ਦੀ ਉਸਾਰੀ ਦਾ ਕੰਮ ਫਰਵਰੀ 2016 ਵਿੱਚ ਸ਼ੁਰੂ ਹੋਇਆ ਸੀ ਤੇ ਅਗਸਤ 2017 ’ਚ ਪੂਰਾ ਹੋਇਆ ਸੀ । ਇਸ ਸੰਬੰਧੀ ਉੱਥੇ ਇਕ ਬੋਰਡ ਵੀ ਲੱਗਾ ਹੋਇਆ ਹੈ। ਫਿਲਹਾਲ ਵਿਭਾਗੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਸਾਰਾ ਮਾਮਲਾ ਕੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਅਜੇ ਤੱਕ ਇਸ ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੀ। ਜੇ ਹੋਈ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ਗੁਜਰਾਤ ਦੇ ਮੋਰਬੀ ਦੀ ਮੱਛੂ ਨਦੀ 'ਚ ਇਕ ਪੁਲ ਡਿੱਗਣ ਨਾਲ ਕੁੱਲ 134 ਲੋਕਾਂ ਦੀ ਜਾਨ ਚਲੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News