ਬਿਹਾਰ ਚੋਣਾਂ : ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਕੀਤੇ ਵੱਡੇ ਵਾਅਦੇ
Wednesday, Oct 21, 2020 - 01:49 PM (IST)
ਬਿਹਾਰ- ਬਿਹਾਰ 'ਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ। ਪਾਰਟੀ ਨੇ ਇਸ ਨੂੰ ਬਿਹਾਰ ਬਦਲਾਵ ਪੱਤਰ ਨਾਂ ਦਿੱਤਾ ਹੈ। ਇਸ ਮੈਨੀਫੈਸਟੋ 'ਚ ਕਾਂਗਰਸ ਨੇ ਬਿਹਾਰ ਦੇ ਕਿਸਾਨਾਂ ਤੋਂ ਸੱਤਾ 'ਚ ਆਉਣ 'ਤੇ ਮੁਫ਼ਤ ਬਿਜਲੀ ਅਤੇ ਕਰਜ਼ ਮੁਆਫ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਤੇਜਸਵੀ ਯਾਦਵ ਨੂੰ ਜਗ੍ਹਾ ਦਿੱਤੀ ਹੈ। ਪਟਨਾ 'ਚ ਸਥਿਤ ਬਿਹਾਰ ਕਾਂਗਰਸ ਹੈੱਡ ਕੁਆਰਟਰ ਸਦਾਕਤ ਆਸ਼ਰਮ 'ਚ ਐਲਾਨ ਪੱਤਰ ਜਾਰੀ ਕਰਦੇ ਹੋਏ ਪਾਰਟੀ ਨੇਤਾ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰੇਗੀ ਅਤੇ ਬਿਜਲੀ ਬਿੱਲ ਵੀ ਮੁਆਫ਼ ਕਰੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦਿਵਾਉਣ ਲਈ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤਰਜ 'ਤੇ ਕੇਂਦਰ ਦੇ ਕਾਨੂੰਨ ਨੂੰ ਖਾਰਜ ਕੀਤਾ ਜਾਵੇਗਾ।
ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ 24 ਹਜ਼ਾਰ ਕਰੋੜ ਰੁਪਏ ਦਾ ਨਲ ਤੋਂ ਜਲ ਯੋਜਨਾ ਦਾ ਐਲਾਨ ਅਸੀਂ ਦੇਖਿਆ। ਬਿਹਾਰ 'ਚ 'ਰਾਈਟ-ਟੂ-ਵਾਟਰ' ਯਾਨੀ ਪਾਣੀ ਦਾ ਅਧਿਕਾਰ (ਸਰਦਾਰ ਵਲੱਭ ਭਾਈ ਪਟੇਲ ਪਾਣੀ ਵਾਲਾ ਪਾਣੀ ਯੋਜਨਾ) ਹੋਵੇਗਾ। ਬਿਹਾਰ ਦੇ ਕੇਜੀ ਤੋਂ ਪੀਜੀ ਤੱਕ ਬੇਟੀਆਂ ਦੀ ਸਿੱਖਿਆ ਮੁਫ਼ਤ ਹੋਵੇਗੀ। ਇਸ ਤੋਂ ਇਲਾਵਾ ਰਾਜ ਬੱਬਰ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਨੌਕਰੀ ਮਿਲਣ ਤੱਕ ਬੇਰੁਜ਼ਗਾਰਾਂ ਨੂੰ ਹਰ ਮਹੀਨੇ 1500 ਰੁਪਏ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ 'ਚ 10 ਲੱਖ ਨੌਕਰੀਆਂ ਦੇਣ ਦਾ ਫੈਸਲਾ ਲਿਆ ਜਾਵੇਗਾ। ਉੱਥੇ ਹੀ ਕਾਂਗਰਸ ਨੇਤਾ ਤਾਰਿਕ ਅਨਵਰ ਨੇ ਕਿਹਾ ਕਿ ਅੱਜ ਸਿੱਖਿਆ ਲਈ ਬਿਹਾਰ ਦੇ ਵਿਦਿਆਰਥੀ ਬਾਹਰ ਜਾਣ ਨੂੰ ਮਜ਼ਬੂਰ ਹਨ। ਮੁੱਖ ਮੰਤਰੀ ਨੇ ਹੱਥ ਜੋੜ ਕੇ ਪਟਨਾ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਅਪੀਲ ਕੀਤੀ ਪਰ ਪ੍ਰਧਾਨ ਮੰਤਰੀ ਨੇ ਨਹੀਂ ਸੁਣੀ। ਇਹ ਮੁੱਖ ਮੰਤਰੀ ਦੀ ਹੈਸੀਅਤ ਹੈ ਪ੍ਰਧਾਨ ਮੰਤਰੀ ਦੇ ਸਾਹਮਣੇ। ਉਨ੍ਹਾਂ ਨੇ ਕਿਹਾ ਕਿ 12ਵੀਂ ਜਮਾਤ 'ਚ 90 ਫੀਸਦੀ ਤੋਂ ਵੱਧ ਨੰਬਰ ਲਿਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਰਕਾਰ ਸਕੂਟੀ ਦੇਵੇਗੀ।