ਬਿਹਾਰ ’ਚ ਸਾਹੇਬ, ਬੀਵੀ ਔਰ ਗੈਂਗਸਟਰ : ਬਾਹੂਬਲੀਆਂ ਦੀ ਵਿਰਾਸਤ ਲਈ ਪਤਨੀਆਂ ਸਿਆਸੀ ਅਖਾੜੇ ’ਚ

05/09/2024 11:38:09 AM

ਨੈਸ਼ਨਲ ਡੈਸਕ- ਬਿਹਾਰ ’ਚ ਬਾਹੂਬਲੀਆਂ ਦੀ ਸਿਆਸਤ ਦੀ ਪੂਰੀ ਦੁਨੀਆ ’ਚ ਚਰਚਾ ਹੁੰਦੀ ਹੈ। ਬਾਹੂਬਲੀ ਨੇਤਾ ਜੇਲ੍ਹ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੋਂ ਪਿੱਛੇ ਨਹੀਂ ਹਟਦੀਆਂ, ਉਹ ਹੈਸੀਅਤ ਹਾਸਲ ਕਰਨ ਲਈ ਚੋਣ ਲੜਾਈ ਲੜਦੀਆਂ ਹਨ, ਭਾਵੇਂ ਨਤੀਜੇ ਕੁਝ ਵੀ ਹੋਣ। ਫਿਲਹਾਲ ਤੁਹਾਨੂੰ ਬਿਹਾਰ ਦੀ ਮੁੰਗੇਰ ਅਤੇ ਸੀਵਾਨ ਲੋਕ ਸਭਾ ਸੀਟਾਂ ਬਾਰੇ ਦੱਸਦੇ ਹਾਂ। ਇਨ੍ਹਾਂ ਦੋਵਾਂ ਲੋਕ ਸਭਾ ਸੀਟਾਂ ’ਤੇ ਪੁਰਾਣੇ ਸਮੇਂ ਦੇ ਬਾਹੂਬਲੀਆਂ ਦੀਆਂ ਪਤਨੀਆਂ ਸਿਆਸੀ ਮੈਦਾਨ ’ਚ ਹਨ।

ਸੀਵਾਨ ਵਿਚ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਸਾਬਕਾ ਸੰਸਦ ਮੈਂਬਰ ਬਾਹੂਬਲੀ ਨੇਤਾ ਮੁਹੰਮਦ ਸ਼ਹਾਬੂਦੀਨ ਦੀ ਪਤਨੀ ਹਿਨਾ ਸ਼ਹਾਬ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਸ਼ਹਾਬੂਦੀਨ ਦੀ ਮੌਤ 2021 ਵਿਚ ਕੋਵਿਡ ਨਾਲ ਹੋਈ ਸੀ। ਸ਼ਹਾਬੂਦੀਨ ਨੂੰ ਸੀਵਾਨ ਦੇ ਸਾਹੇਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਉਹ ਇਸ ਸੀਟ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ। ਕਈ ਮਾਮਲਿਆਂ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗੈਂਗਸਟਰ ਨੇ ਆਪਣੀ ਪਤਨੀ ਹਿਨਾ ਨੂੰ ਤਿੰਨ ਵਾਰ ਰਾਜਦ ਦੀ ਟਿਕਟ ’ਤੇ ਸੀਵਾਨ ਤੋਂ ਲੋਕ ਸਭਾ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਤਿੰਨੋਂ ਚੋਣਾਂ ਹਾਰ ਗਈ ਸੀ। ਉਨ੍ਹਾਂ ਦੇ ਖਿਲਾਫ ਜੇ. ਡੀ. ਯੂ. ਨੇ ਬਾਹੂਬਲੀ ਅਜੈ ਸਿੰਘ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਕਵਿਤਾ ਸਿੰਘ ਦੀ ਜਗ੍ਹਾ ਵਿਜੇਲਕਸ਼ਮੀ ਕੁਸ਼ਵਾਹਾ ਨੂੰ ਟਿਕਟ ਦਿੱਤੀ ਹੈ।

ਮੁੰਗੇਰ ਦੇ ਗੈਂਗਸਟਰ ਅਸ਼ੋਕ ਮਹਿਤੋ ਨੂੰ 17 ਸਾਲ ਬਾਅਦ ਪਿਛਲੇ ਸਾਲ ਨਵੰਬਰ ’ਚ ਭਾਗਲਪੁਰ ਕੇਂਦਰੀ ਜੇਲ ਤੋਂ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤੋਂ ਟਿਕਟ ਦੀ ਮੰਗ ਕੀਤੀ ਸੀ। ਯਾਦਵ ਨੇ ਉਸ ਨੂੰ ਕਿਹਾ ਕਿ ਉਹ ਵਿਆਹ ਕਰਵਾ ਲੈਣ ਅਤੇ ਟਿਕਟ ਉਨ੍ਹਾਂ ਦੀ ਪਤਨੀ ਨੂੰ ਦੇ ਦੇਣਗੇ। ਦੋ ਦਿਨਾਂ ਦੇ ਅੰਦਰ ਹੀ ਮਹਿਤੋ (62) ਦਾ ਵਿਆਹ ਹੋ ਗਿਆ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਦੇਵੀ ਹੁਣ ਰਾਸ਼ਟਰੀ ਜਨਤਾ ਦਲ ਦੀ ਟਿਕਟ ’ਤੇ ਚੋਣ ਲੜ ਰਹੀ ਹੈ।

ਬਾਹੂਬਲੀ ਪਤਨੀ ਨਾਲ ਕਰ ਰਹੇ ਪ੍ਰਚਾਰ

ਮੁੰਗੇਰ ਜੇ. ਡੀ. ਯੂ. ਨੇਤਾ ਲਲਨ ਸਿੰਘ ਦਾ ਗੜ੍ਹ ਹੈ, ਜੋ ਇਸ ਤੋਂ ਪਹਿਲਾਂ (2009 ਅਤੇ 2019 ਵਿਚ) ਦੋ ਵਾਰ ਇਸ ਸੀਟ ਤੋਂ ਜਿੱਤ ਚੁੱਕੇ ਹਨ। 2019 ’ਚ ਆਰ. ਜੇ. ਡੀ. ਨੇ ਆਪਣੇ ਗੱਠਜੋੜ ਦੌਰਾਨ ਇਹ ਸੀਟ ਕਾਂਗਰਸ ਨੂੰ ਦਿੱਤੀ ਸੀ ਅਤੇ ਪਾਰਟੀ ਨੇ ਇਕ ਹੋਰ ਗੈਂਗਸਟਰ ਅਤੇ ਮੋਕਾਮਾ ਦੇ ਸਾਬਕਾ ਵਿਧਾਇਕ ਅਨੰਤ ਸਿੰਘ ਦੀ ਪਤਨੀ ਨੀਲਮ ਦੇਵੀ ਨੂੰ ਮੈਦਾਨ ਵਿਚ ਉਤਾਰਿਆ ਸੀ। ਉਹ ਲਲਨ ਸਿੰਘ ਤੋਂ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਈ। ਅਨੰਤ ਸਿੰਘ ਨੂੰ ਦੋਸ਼ੀ ਪਾਇਆ ਗਿਆ ਅਤੇ 2022 ਵਿਚ ਅਸੈਂਬਲੀ ਦੀ ਮੈਂਬਰਸ਼ਿਪ ਗੁਆ ਦਿੱਤੀ। ਉਪ ਚੋਣ ਵਿਚ ਆਰ. ਜੇ. ਡੀ. ਨੇ ਮੋਕਾਮਾ ਤੋਂ ਨੀਲਮ ਦੇਵੀ ਨੂੰ ਮੈਦਾਨ ਵਿਚ ਉਤਾਰਿਆ ਅਤੇ ਉਹ ਭਾਜਪਾ ਨੂੰ ਹਰਾ ਕੇ ਜਿੱਤ ਗਈ। ਅਨੰਤ ਸਿੰਘ ਜੇਲ ਵਿਚ ਸਨ ਅਤੇ ਇਸ ਸਾਲ ਫਰਵਰੀ ’ਚ ਬਿਹਾਰ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਦੌਰਾਨ ਨੀਲਮ ਦੇਵੀ ਨੇ ਐੱਨ.ਡੀ.ਏ. ’ਚ ਆਪਣੀ ਵਫ਼ਾਦਾਰੀ ਬਦਲ ਲਈ ਸੀ। ਨੀਲਮ ਦੇਵੀ ਇਲਾਕੇ ’ਚ ਲਲਨ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ ਹੈ।


Tanu

Content Editor

Related News